-ਨਵੀਂ ਰਿਪੋਰਟ ਵਿਚ ਜੋਇਆ ਖੁਲਾਸਾ
ਟੋਰਾਂਟੋ, 17 ਜੁਲਾਈ (ਪੋਸਟ ਬਿਊਰੋ): ਜੇਲ੍ਹ ਦੇ ਸੈੱਲ ਵਿਚ ਸੰਗੀਤ ਵੀਡੀਓ ਰਿਕਾਰਡ ਕਰਨ ਲਈ ਟੋਰਾਂਟੋ ਰੈਪਰ ਟੌਪ5 ਨੇ ਜੇਲ੍ਹ ਅੰਦਰ ਫੋਨ ਦੀ ਤਸਕਰੀ ਕਰਵਾਈ ਸੀ। ਇਸ ਦਾ ਖੁਲਾਸਾ ਇਕ ਨਵੀਂ ਜਾਂਚ ਰਿਪੋਰਟ ਵਿਚ ਹੋਇਆ ਹੈ। ਜਾਣਕਾਰੀ ਮੁਤਾਬਿਕ ਵੀਡੀਓ ਰਿਕਾਰਡ ਕਰਨ ਲਈ ਫੋਨ ਇਕ ਵਿਜ਼ੀਟਰ ਵੱਲੋਂ ਆਪਣੇ ਅੰਦਰੂਨੀ ਕੱਪੜਿਆਂ ਵਿਚ ਲੁਕੋ ਕੇ ਲਿਆਂਦਾ ਗਿਆ ਸੀ। ਸੈੱਲ ਵਿਚ ਰੈਪਰ ਨੇ ਆਪਣੇ ਆਪ ਨੂੰ ਚੀਜ਼ ਬਰਗਰ ਖਾਂਦੇ ਹੋਏ ਰਿਕਾਰਡ ਕੀਤਾ, ਜੋ ਕਿ ਉਸਨੇ ਕਰੈਕਸ਼ਨਲ ਸਟਾਫ ਤੋਂ ਮੰਗਵਾਇਆ ਸੀ। ਕੈਦੀ ਨਾਲ ਬੰਦ ਸਾਥੀ ਨੇ ਕਿਹਾ ਕਿ ਵੀਡੀਓ ਅਗਲੇ ਹਫ਼ਤੇ ਸੋਸ਼ਲ ਮੀਡੀਆ ‘ਤੇ ਆਵੇਗੀ। ਉਨ੍ਹਾਂ ਨੇ ਵੀਡੀਓ ਰਿਕਾਰਡ ਕਰਨ ਲਈ ਵਰਤਿਆ ਗਿਆ ਆਈਫੋਨ-12 ਬਾਅਦ ਵਿਚ ਟਾਏਲਟ ਵਿਚ ਫਲੱਸ਼ ਕਰ ਦਿੱਤਾ ਸੀ। ਜਦਕਿ ਵੀਡੀਓ ਅਗਲੇ ਹਫ਼ਤੇ ਨਹੀਂ ਬਲਕਿ 7 ਮਹੀਨੇ ਬਾਅਦ ਜੂਨ 2023 ਵਿਚ ਪੋਸਟ ਕੀਤੀ ਗਈ, ਜਿਸ ਵਿਚ ਕੈਦੀ ਜੇਲ੍ਹ ਦੇ ਵਿਚ ਜੇਲ੍ਹ ਵੱਲੋਂ ਮਿਲੇ ਸੰਤਰੀ ਕੱਪੜਿਆਂ ਵਿਚ ਰੈਪ ਗਾ ਰਿਹਾ ਹੈ ਤੇ ਗਾਣੇ ਦਾ ਨਾਂ ‘21 ਕੁਐਸਚਨਸ’ ਸੀ।
ਕਤਲ ਦੇ ਦੋਸ਼ਾਂ ਤੋਂ ਮੁਕਤ ਹੋਣ ਤੋਂ ਬਾਅਦ ਰੈਪਰ ਟੌਪ5 (ਹਸਨ ਅਲੀ) ਨੇ ਇੰਟਰਵਿਊ ਵਿੱਚ ਕਿਹਾ ਕਿ ਉਸਨੇ ਫ਼ੋਨ ਲਿਆਉਣ ਲਈ ਇੱਕ ਜੇਲ੍ਹ ਗਾਰਡ ਨੂੰ 10 ਹਜ਼ਾਰ ਡਾਲਰ ਦਾ ਭੁਗਤਾਨ ਕੀਤਾ ਸੀ। ਜਾਂਚ ਤੋਂ ਬਾਅਦ ਇਹ ਜਨਤਕ ਨਹੀਂ ਕੀਤਾ ਗਿਆ ਕਿ ਉਹ ਗਾਰਡ ਕੌਣ ਸੀ। ਅਲੀ ਸਤੰਬਰ, 2024 ਵਿਚ ਕਤਲ ਦੇ ਦੋਸ਼ ਵਿਚੋਂ ਬਰੀ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ‘ਤੇ ਇਕ ਪਾਰਕਿੰਗ ਲਾਟ ਵਿਚ 20 ਸਾਲਾ ਹਾਸ਼ੀਮ ਓਮਾਰ ਨੂੰ ਗੋਲੀ ਮਾਰਨ ਦੇ ਦੋਸ਼ ਲੱਗੇ। ਅਲੀ ਨੇ ਇਕ ਭਗੌੜੇ ਵਜੋਂ ਕੈਲੀਫੋਰਨੀਆ ਵਿਚ ਸਮਾਂ ਬਿਤਾਇਆ, ਫਿਰ ਉਸਨੂੰ ਜਨਵਰੀ, 2025 ਵਿਚ ਹਥਿਆਰ ਰੱਖਣ ਦੇ ਦੋਸ਼ ਵਿਚ ਕਾਬੂ ਕਰ ਲਿਆ ਗਿਆ।