ਟੋਰਾਂਟੋ, - ਮੈਂਬਰ ਪਾਰਲੀਮੈਂਟ ਅਤੇ ‘ਯੂਨਾਈਟ ਚੈਪਟਰ ਚੇਅਰਫ਼ਾਰ ਨੌਰਥ ਅਮੈਰਿਕਾ ਆਨ ਨੌਨ-ਕਮਿਊਨੀਕੇਬਲ ਡਿਜ਼ੀਜਿਜ਼’ ਦੀ ਚੇਅਰਪਰਸਨ ਸੋਨੀਆ ਸਿੱਧੂ ਨੇ ਯੂਨੀਵਰਸਿਟੀ ਆਫ਼ ਟੋਰਾਂਟੋ ਵਿਖੇ ‘ਹੈੱਲਥ ਆਈਨੋਵੇਸ਼ਨ ਐਂਡ ਆਰਟੀਫ਼ਿਸ਼ੀਅਲ ਇੰਟੈਲੀਜੈਂਸ’ ਵਿਸ਼ੇ ਉੱਪਰ ਆਯੋਜਿਤ ਕੀਤੀ ਗਈ ਕੌਮੀ ਪੱਧਰ ਦੀ ਕਾਨਫ਼ਰੰਸ ਵਿੱਚ ਮੁੱਖ-ਬੁਲਾਰੇ ਵਜੋਂ ਹਿੱਸਾਲਿਆ। “2025 ਨੈਸ਼ਨਲ ਇੰਟਰ-ਯੂਨੀਵਰਸਿਟੀ ਹੈੱਲਥ ਡਾਟਾ ਐਂਡ ਏ.ਆਈ. ਕਾਨਫ਼ਰੰਸ” ਦੇ ਸਿਰਲੇਖ ਹੇਠ ਕਰਵਾਈ ਗਈ ਇਸ ਕਾਨਫ਼ਰੰਸ ਦੀ ਸਟੇਜ ਉੱਪਰ ਆਪਣਾ ਸਥਾਨ ਸੰਭਾਲਣ ਉਪਰੰਤ ਸੋਨੀਆ ਸਿੱਧੂ ਨੇ ਉੱਥੇ ਹਾਜ਼ਰ ਕਈਸੈਂਕੜੇਵਿਦਿਆਰਥੀਆਂ, ਫ਼ੈਕਲਟੀ ਮੈਂਬਰਾਂ ਅਤੇ ਹੈੱਲਥਕੇਅਰ ‘ਚ ਹੋ ਰਹੀਆਂ ਨਵੀਆਂ ਖੋਜਾਂ ਬਾਰੇ ਜਾਣਨ ਦੇ ਚਾਹਵਾਨਾਂ ਨੂੰ ਸੰਬੋਧਨ ਕੀਤਾ।
‘ਹੌਫ਼ਮੈਨ-ਲਾ-ਰੌਚ’ ਦੇ ਉਤਸ਼ਾਹੀ ਇੰਡਸਟਰੀ ਲੀਡਰ ਮਾਈਕਲ ਡੂਔਂਗ ਦੇ ਨਾਲ ਮੰਚ ਸਾਂਝਾ ਕਰਦਿਆਂ ਸੋਨੀਆ ਸਿੱਧੂ ਨੇ ਕੈਨੇਡਾ-ਵਾਸੀਆਂ ਦੇ ਉਮਰ ਨਾਲ ਸਬੰਧਿਤ ਮਸਲਿਆਂ ਅਤੇ ਤੰਦਰੁਸਤ ਲੰਮਾਂ ਜੀਵਨ ਜਿਊਣ ਬਾਰੇ ਆਉਣ ਵਾਲੇ ਸਮੇਂ ਵਿੱਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਅਹਿਮ ਭੂਮਿਕਾ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਆਪਣੇ ਸੰਬੋਧਨ ਵਿੱਚ ਉਨ੍ਹਾਂ ਸਮੂਹ ਕੈਨੇਡਾ-ਵਾਸੀਆਂ ਲਈ ਸਿਹਤ ਸਬੰਧੀ ਬਿਹਤਰ ਸੇਵਾਵਾਂ ਉਪਲੱਭਧ ਕਰਨ ਲਈ ਪਬਲਿਕ ਹੈੱਲਥ ਅਤੇ ਪਾਲਿਸੀ ਫ਼ਰੇਮਵਰਕ ਨੂੰ ਮਜ਼ਬੂਤ ਕਰਨ ਲਈ ਏ.ਆਈ. ਦੀ ਅਹਿਮੀਅਤ ਉੱਪਰ ਜ਼ੋਰ ਦਿੱਤਾ।
ਡਿਜੀਟਲ ਲੀਡਰਸ਼ਿਪ ਵੱਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਵਚਨਬੱਧਤਾ ਵੱਲ ਧਿਆਨ ਦਿਵਾਉਂਦਿਆਂ ਸੋਨੀਆ ਸਿੱਧੂ ਨੇ ਨੌਜੁਆਨਾਂ ਨੂੰ ਏ. ਆਈ. ਦੀ ਰੌਸ਼ਨੀ ਵਿੱਚ ਕੈਨੇਡਾ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਬਾਰੇ ਕਿਹਾ ਜਿਸ ਨਾਲ ਇਹ ਏ. ਆਈ. ਸਿਹਤ ਨਾਲ ਸਬੰਧਿਤ ਮਸਲਿਆਂ ਨੂੰ ਨਜਿੱਠਣ ਵਿੱਚ ਸਹਾਈ ਹੋਵੇ। ਉਨ੍ਹਾਂ ਕਿਹਾ, “ਕੈਨੇਡਾ ਦੀ ਤਾਕਤ ਇਸ ਦੀ ਨੌਜੁਆਨ ਲੀਡਰਾਂ ਵਿੱਚ ਹੈ। ਭਵਿੱਖ ਨੂੰ ਰੌਸ਼ਨ ਵੇਖਣ ਵਾਲੇ ਇਹ ਨੌਜੁਆਨ ਨਾ ਕੇਵਲ ‘ਕੋਡਿੰਗ’ ਹੀ ਕਰਦੇ ਹਨ, ਸਗੋਂ ਉਹ ਸਿਹਤ-ਸੰਭਾਲ ਸਿਸਟਮਾਂ ਬਾਰੇ ਗੰਭੀਰਤਾ ਨਾਲ ਸੋਚਦੇ ਹਨ ਅਤੇ ਉਨ੍ਹਾਂ ਦੀ ਮੁੜ ਤੋਂ ਯੋਜਨਾਬੰਦੀ ਵੀ ਕਰਦੇ ਹਨ।“
ਇਸ ਕਾਨਫ਼ਰੰਸ ਨੂੰ ਆਯੋਜਿਤ ਲਈ ਸੋਨੀਆ ਸਿੱਧੂ ਨੇ ‘ਸਟੈੱਮ ਫ਼ੈਲੋਸ਼ਿਪ’ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਹਿੰਮਤ ਅਤੇ ਸੰਜੀਦਗੀ ਨਾਲ ਇਹ ਵੱਡਾ ਈਵੈਂਟ ਸਫ਼ਲ ਹੋ ਨਿੱਬੜਿਆ। ਉਨ੍ਹਾਂ ਟੈੱਕਨਾਲੌਜੀ ਦੀ ਵਰਤੋਂ ਨਾਲ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਵਿਦਿਆਰਥੀਆਂ ਵੱਲੋਂ ਚੁੱਕੇ ਗਏ ਇਸ ਅਹਿਮ ਕਦਮ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਦੇ ਇਨ੍ਹਾਂ ਉਤਸ਼ਾਹ ਭਰਪੂਰ ਸ਼ਬਦਾਂ ਦੇ ਨਾਲ ਪਾਲਿਸੀ, ਡਾਟਾ ਐਥਿਕਸ ਅਤੇ ਸਿਹਤਮੰਦ ਸੋਸਾਇਟੀਆਂ ਦੀ ਸਿਰਜਣਾ ਕਰਨ ਵਿੱਚ ਵਿਦਿਆਰਥੀਆਂ ਦੀ ਭੂਮਿਕਾ ਬਾਰੇ ਨਵੀਂ ਊਰਜਾ ਨਾਲ ਭਰੀ ਅਗਲੀ ਗੱਲਬਾਤ ਲਈ ਜ਼ਮੀਨ ਤਿਆਰ ਹੋਈ।