ਬਰੈਂਪਟਨ, (ਡਾ. ਝੰਡ) – ਲੰਘੇ ਵੀਰਵਾਰ 10 ਜੁਲਾਈ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਉੱਘੇ ਗ਼ਜ਼ਲਗੋ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆਂ ਨਾਲ ਦਿਲਚਸਪ ਰੂ-ਬ-ਰੂ ਦਾ ਆਯੋਜਨ ਕੀਤਾ ਗਿਆ। ਸਭਾ ਵੱਲੋਂ ਇਹ ਰੂ-ਬਰੂ ਇਸ ਦੇ 20 ਜੁਲਾਈ ਨੂੰ ਹੋ ਰਹੇ ਮਹੀਨਾਵਾਰ ਸਮਾਗ਼ਮ ਵਿੱਚ ਕਰਨ ਦਾ ਵਿਚਾਰ ਸੀ ਪਰ ਸੁਰਿੰਦਰਪ੍ਰੀਤ ਦੇ 14 ਜੁਲਾਈ ਨੂੰ ਸਰੀ ਜਾਣ ਦੇ ਤੈਅ-ਸ਼ੁਦਾ ਪ੍ਰੋਗਰਾਮ ਦੇ ਕਾਰਨ ਇਹ ਰੂ-ਬਰੂ ਇਸ ਹਫ਼ਤੇ ਦੇ ਵਿਚਾਲ਼ੇ ਹੀ ਸਭਾ ਦੀ ਸਰਗ਼ਰਮ ਮੈਂਬਰ ਸੁਰਿੰਦਰਜੀਤ ਗਿੱਲ ਦੇ ਗ੍ਰਹਿ ਵਿਖੇ ਆਯੋਜਿਤ ਕਰਨਾ ਪਿਆ ਜਿੱਥੇ 22-24 ਦੀ ਸੀਮਤ ਗਿਣਤੀ ਵਿੱਚਸਾਹਿਤਕ ਸ਼ਖ਼ਸੀਅਤਾਂ ਵੱਲੋਂ ਇਸ ਵਿੱਚ ਸ਼ਮੂਲੀਅਤ ਕੀਤੀ ਗਈ।
ਚਾਹ-ਪਾਣੀ ਤੋਂ ਬਾਅਦ ਪ੍ਰੋਗਰਾਮ ਦੇ ਆਰੰਭ ਵਿੱਚ ਮੰਚ-ਸੰਚਾਲਕ ਮਲੂਕ ਸਿੰਘ ਕਾਹਲੋਂ ਵੱਲੋਂ ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ ਨੂੰ ਓਨਟਾਰੀਓ ਸੂਬਾ ਸਰਕਾਰ ਵੱਲੋਂ‘ਓਨਟਾਰੀਓ ਲਾਈਫ਼-ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕਰਨ ‘ਤੇ ਸਮੂਹ-ਹਾਜ਼ਰੀਨ ਵੱਲੋਂ ਵਧਾਈ ਦਿੱਤੀ ਗਈ।ਮੇਜ਼ਬਾਨ ਸੁਰਿੰਦਰਜੀਤ ਨੇ ਮੁੱਖ-ਮਹਿਮਾਨ ਸੁਰਿੰਦਰਪ੍ਰੀਤ ਘਣੀਆਂ ਤੇ ਆਏ ਸਮੂਹ ਮਹਿਮਾਨਾਂ ਤੇ ਮੈਂਬਰਾਂ ਨੂੰ ਬੜੇ ਭਾਵਪੂਰਤ ਸ਼ਬਦਾਂ ਵਿੱਚ ਜੀ-ਆਇਆਂ ਕਿਹਾ।
ਪ੍ਰੋਗਰਾਮਨੂੰ ਅੱਗੇ ਵਧਾਉਂਦਿਆਂ ਮੰਚ-ਸੰਚਾਲਕ ਵੱਲੋਂ ਸ਼ਾਇਰ ਸੁਰਿੰਦਰਪ੍ਰੀਤ ਨੂੰ ਆਪਣੇ ਬਾਰੇ ਤੇ ਆਪਣੇ ਸਾਹਿਤਕ ਸਫ਼ਰ ਬਾਰੇ ਵਿਸਥਾਰਪੂਰਵਕ ਗੱਲ ਕਰਨ ਲਈ ਬੇਨਤੀ ਕੀਤੀ ਗਈ ਜਿਨ੍ਹਾਂ ਨੇ ਇੱਕ ਗ਼ਜ਼ਲ “ਵਫ਼ਾ ਹੋਵੇ, ਦਇਆ ਹੋਵੇ, ਪਿਆਰ ਵੀ ਹੋਵੇ ...” ਦੇ ਹਵਾਲੇ ਨਾਲ ਆਪਣੀ ਗੱਲ ਸ਼ੁਰੂ ਕਰਦਿਆਂ ਆਪਣੇ ਬਚਪਨ, ਪਰਿਵਾਰ, ਸਕੂਲੀ ਸਿੱਖਿਆ, ਕਾਲਜ ਦੀ ਉਚੇਰੀ ਸਿੱਖਿਆ ਤੇਬੀ.ਐੱਡ. ਅਤੇ ਪ੍ਰਾਈਵੇਟ ਤੌਰ ‘ਤੇ ਚਾਰ ਵਿਸ਼ਿਆਂ ਵੱਚ ਐੱਮ.ਏ. ਕਰਨ ਬਾਰੇ ਦੱਸਿਆ। ਅਧਿਆਪਨ ਦੇ ਆਪਣੇ ਦਿਲਚਸਪ ਕੌੜੇ-ਮਿੱਠੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਆਪਣੇ ਸਾਹਿਤਕ ਸਫ਼ਰ, ਪੱਤਰਕਾਰੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਕੰਮ ਕਰਦਿਆਂ ਵੱਖ-ਵੱਖ ਅਹੁਦਿਆਂ ਉੱਪਰ ਸੰਭਾਲੀ ਗਈ ਆਪਣੀ ਜ਼ਿੰਮੇਂਵਾਰੀ ਨੂੰ ਬਾਖ਼ੂਬੀ ਬਿਆਨ ਕੀਤਾ।
ਉਨ੍ਹਾਂ ਦੱਸਿਆ ਕਿ ਸਕੂਲੀ ਪੜ੍ਹਾਈ ਦੌਰਾਨ ਸਕੂਲ ਤੋਂ ਵਾਪਸ ਆ ਕੇ ਕਿਵੇਂ ਉਨ੍ਹਾਂ ਨੂੰਘਰ ‘ਚ ਰੱਖੀ ਹੋਈ ਮੱਝ ਦੇ ਲਈ ਘਾਹ-ਪੱਠੇ ਦਾ ਪ੍ਰਬੰਧ ਕਰਨ ਲਈ ਬੇਗਾਨੇ ਖੇਤਾਂ ਦੀਆਂ ਵੱਟਾਂ ‘ਤੇ ਜਾਣਾ ਪੈਂਦਾ ਸੀ, ਕਿਉਂਕਿ ਉਨ੍ਹਾਂ ਦੇ ਆਪਣੇ ਕੋਈ ਖੇਤ ਨਹੀਂ ਸਨ। ਇੱਥੇ ਹੀ ਘਾਹ ਤੇ ਇਟਸਿਟ ਖੋਤਦਿਆਂ ਆਪਣੇ ਚਾਚਾ ਜੀ ਪ੍ਰੀਤਮ ਸਿੰਘ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੌਵੀਂ ਜਮਾਤ ਵਿੱਚ ਲਿਖਣਾ ਸ਼ੁਰੂ ਕੀਤਾ ਅਤੇ ਆਪਣਾ ਪਹਿਲਾਗੀਤ ਅੰਮ੍ਰਿਤਸਰ ਤੋਂ ਛਪਦੇ ਪਰਚੇ ‘ਲੋਅ’ ਨੂੰ ਭੇਜਿਆ ਜੋ ਇਸ ਦੇ ਸੰਪਾਦਕ ਪ੍ਰਮਿੰਦਰਜੀਤ ਵੱਲੋਂ ਇਹ ਬੜੇ ਪਿਆਰ ਨਾਲ ਛਾਪਿਆ ਗਿਆ ਅਤੇ ਨਾਲ ਹੀ ਉਨ੍ਹਾਂ ਦੇ ਵੱਲੋਂ ਉਨ੍ਹਾਂ ਨੂੰ ‘ਜ਼ਹਿਰੀਲਾ ਕਵੀ’ ਹੋਣ ਦੀ ਉਪਾਧੀ ਦਿੱਤੀ ਗਈ, ਕਿਉਂਕਿ ਉਹ ਗੀਤ ਸਥਾਪਤੀ ਦੇ ਵਿਰੋਧ ਵਿੱਚ ਸੀ।ਸਕੂਲ ਵਿੱਚ ਉਹ ‘ਖੋ-ਖੋ’ ਗੇਮ ਦੇ ਨੈਸ਼ਨਲ ਪੱਧਰ ਦੇ ਖਿਡਾਰੀ ਸਨ। ਉਨ੍ਹਾਂ ਕਿਹਾ ਕਿ ਬਾਬਾ ਨਾਨਕ, ਭਗਤ ਕਬੀਰ ਜੀ ਤੇ ਬਾਬਾ ਬੁਲ੍ਹੇ ਸ਼ਾਹ ਉਨ੍ਹਾਂ ਦੇ ਆਦਰਸ਼ ਹਨ। ਸੱਚ ਦੇ ਮੁਦੱਈ ਉੱਘੇ ਗ਼ਜ਼ਲਗੋ ਦੀਪਕ ਜੈਤੋਈ ਤੇ ਨਾਵਲਕਾਰ ਪ੍ਰੋ. ਗੁਰਦਿਆਲ ਸਿੰਘ ਹੁਰਾਂ ਕੋਲੋਂ ਉਨ੍ਹਾਂ ਨੂੰ ਪੰਜਾਬੀ ਸਾਹਿਤ ਵੱਲ ਆਉਣ ਦੀ ਪ੍ਰੇਰਨਾ ਮਿਲੀ।
ਸੁਰਿੰਦਰਪ੍ਰੀਤ ਦੀ ਗ਼ਜ਼ਲਾਂ ਦੀ ਪਹਿਲੀ ਪੁਸਤਕ ‘ਟੂੰਮਾਂ’ 2006 ਵਿੱਚ ਛਪੀ। ਉਨ੍ਹਾਂ ਇਸ ਵਿੱਚੋਂ ਤੇ ਗ਼ਜ਼ਲਾਂ ਦੀ ਆਪਣੀ ਦੂਸਰੀ ਪੁਸਤਕ ‘ਹਰਫ਼ਾਂ ਦੇ ਪੁਲ਼’ ਵਿੱਚੋਂ ਕੁਝ ਗ਼ਜ਼ਲਾਂ ਸੁਣਾਈਆਂ। ਇਸ ਦੇ ਨਾਲਹੀ ਇੱਕ ਨਵੀਂ ਗ਼ਜ਼ਲ ਵੀ ਪੇਸ਼ਕੀਤੀ ਗਈ।ਉਹ 2021 ਵਿੱਚ ਅਧਿਆਪਨ ਦੀ ਆਪਣੀ ਨੌਕਰੀ ਤੋਂ ਸੇਵਾ-ਮੁਕਤ ਹੋਏ। ਇਸ ਦੌਰਾਨ ਉਹ ਸਕੂਲ ਅਧਿਆਪਕਾਂ ਦੀ ਯੂਨੀਅਨ ‘ਡੈਮੋਕਰੈਟਿਕ ਟੀਚਰਜ਼ ਫ਼ਰੰਟ’ ਅਤੇ ਪੰਜਾਬੀ ਸਾਹਿਤਕ ਸੰਸਥਾ ‘ਕੇਂਦਰੀ ਪੰਜਾਬੀ ਲੇਖਕ ਸਭਾ ਲੁਧਿਆਣਾ ਵਿੱਚ ਵੀ ਕਾਫ਼ੀ ਸਰਗ਼ਰਮ ਰਹੇ। ਉਨ੍ਹਾਂ ਦੱਸਿਆ ਉਹ ਇਨ੍ਹਾਂ ਦੀਆਂ ਮੀਟਿੰਗਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ ਅਤੇ ਉਨ੍ਹਾਂ ਦੀਆਂ ਕੈਯੂਅਲ ਤੇ ਮੈਡੀਕਲ ਛੁੱਟੀਆਂ ਇਨ੍ਹਾਂ ਮੀਟਿੰਗਾਂ ਦੇ ਲੇਖੇ ਹੀ ਲੱਗਦੀਆਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ‘ਕੇਂਦਰੀ ਪੰਜਾਬੀ ਲੇਖਕ ਸਭਾ ਲੁਧਿਆਣਾ’ਵਿੱਚ ਪ੍ਰਧਾਨਗੀ ਤੋਂ ਬਿਨਾਂ ਬਾਕੀ ਸਾਰੇ ਹੀ ਅਹੁਦਿਆਂ ‘ਤੇ ਸੁਹਿਰਦਤਾ ਨਾਲ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਅਧਿਆਪਨ ਤੇ ਸਾਹਿਤ ਰਚਨਾ ਬੇਸ਼ਕ ਦੋਵੇਂ ਵੱਖ-ਵੱਖ ਹਨ ਪਰ ਇਹ ਦੋਵੇਂ ਕੰਮ ਆਸਾਨੀ ਨਾਲ ਨਾਲੋ-ਨਾਲ ਕੀਤੇ ਜਾ ਸਕਦੇ ਹਨ ਪਰ ਸਾਹਿਤਕ ਸੰਸਥਾਵਾਂ ਦੀਆਂ ਚੋਣਾਂ ਲੜਣ ਦਾ ਕੰਮ ਇਨ੍ਹਾਂ ਤੋਂ ਬਿਲਕੁਲ ਹੀ ਵੱਖਰਾ ਹੈ ਅਤੇ ਇਸ ਦੇ ਲਈ ਉਨ੍ਹਾਂ ਦੇ ‘ਸਿਆਸੀ ਗੁਰੂ’ ਡਾ. ਅਨੂਪ ਸਿੰਘ ਸਨ।ਇਸ ਦੌਰਾਨ ਉਨ੍ਹਾਂ ਦੀ ਸਾਹਿਤ ਸਿਰਜਣਾ, ਸਾਹਿਤ ਵਿਚਲੇ ‘ਵਾਦਾਂ’ ਨਾਲ ਜੁੜਨ, ਅਧਿਆਪਨ, ਪੱਤਰਕਾਰੀ ਅਤੇ ਸਾਹਿਤਕ ਸੰਸਥਾਵਾਂ ਵਿਚਲੀਆਂ ਭੂਮਿਕਾਵਾਂ ਬਾਰੇ ਡਾ. ਸੁਖਦੇਵ ਸਿੰਘ ਝੰਡ, ਪਿਆਰਾ ਸਿੰਘ ਕੁੱਦੋਵਾਲ, ਮੈਡਮ ਸੁਖਚਰਨਜੀਤ ਗਿੱਲਤੇ ਕਈ ਰੋਰਨਾਂ ਵੱਲੋਂ ਸੁਆਲ ਕੀਤੇ ਗਏ ਜਿਨ੍ਹਾਂ ਦੇ ਜੁਆਬ ਸੁਰਿੰਦਰਪ੍ਰੀਤ ਘਣੀਆਂ ਵੱਲੋਂ ਤਸੱਲੀਪੂਰਵਕ ਦਿੱਤੇ ਗਏ।
ਇਸ ਤੋਂ ਬਾਅਦ ਹੋਏ ਸੰਖੇਪ ਕਵੀ-ਦਰਬਾਰ ਵਿੱਚ ਇਕਬਾਲ ਬਰਾੜ, ਜੱਸੀ ਭੁੱਲਰ, ਕਰਨ ਅਜਾਇਬ ਸਿੰਘ ਸੰਘਾ, ਡਾ. ਜਗਮੋਹਨ ਸੰਘਾ, ਹਰਦਿਆਲ ਝੀਤਾ, ਰਿੰਟੂ ਭਾਟੀਆ, ਸੁਰਜੀਤ ਕੌਰ, ਬਮਲਜੀਤ ਮਾਨ, ਪਰਮਜੀਤ ਦਿਓਲ, ਸੁਖਚਰਨਜੀਤ ਗਿੱਲ, ਸੁਰਿੰਦਰਜੀਤ ਗਿੱਲ ਤੇ ਕਈ ਹੋਰਨਾਂ ਵੱਲੋਂ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ। ਇਸ ਸੰਖੇਪ ਤੇ ਸਫ਼ਲ ਸਮਾਗ਼ਮ ਦੀ ਸ਼ਲਾਘਾ ਅਤੇਚੰਗੀ ਕਵਿਤਾ ਦੀਆਂ ਵਿਸ਼ੇਸ਼ਤਾਈਆਂ ਬਾਰੇ ਗੱਲ ਕਰਦਿਆਂ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂਸਮਾਗ਼ਮ ਦੀ ਕਾਰਵਾਈ ਨੂੰ ਬੜੇ ਹੀ ਬੜੇ ਭਾਵਪੂਰਤ ਸ਼ਬਦਾਂ ਵਿੱਚ ਸਮੇਟਿਆ ਗਿਆ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਸਮਾਗ਼ਮ ਦੇ ਅਖ਼ੀਰ ਵਿੱਚ ਸੁਰਿੰਦਰ ਘਣੀਆਂ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਅਤੇ ਵਿਸ਼ਵ ਪੰਜਾਬੀ ਸਾਹਿਤ ਸਾਂਝਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਕਿਰਪਾਲ ਸਿੰਘ ਪੰਨੂੰ, ਡਾ. ਗੁਰਚਰਨ ਸਿੰਘ, ਗੁਰਦਿਆਲ ਸਿੰਘ, ਸ. ਸ. ਮੱਲ੍ਹੀ, ਹਰਪਾਲ ਸਿੰਘ ਭਾਟੀਆ,ਰਮਿੰਦਰ ਵਾਲੀਆ, ਮਕਸੂਦ ਚੌਧਰੀ ਤੇ ਕਈ ਹੋਰ ਸਮਾਗ਼ਮ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਅੰਤ ਵਿੱਚ ਵਿੱਚ ਸਾਰਿਆਂ ਨੇ ਮਿਲ ਕੇ ਘਰੇ ਹੀ ਬੜੀ ਮਿਹਨਤ ਨਾਲ ਤਿਆਰ ਕੀਤੇ ਗਏ ਸੁਆਦਲੇ ਭੋਜਨ ਦਾ ਅਨੰਦ ਮਾਣਿਆਂ।