ਵਾਸਿ਼ੰਗਟਨ, 16 ਜੁਲਾਈ (ਪੋਸਟ ਬਿਊਰੋ): ਅਮਰੀਕਾ ਦੇ ਇਲੀਨਾਏ ਵਿੱਚ ਇੱਕ ਭਾਰਤੀ ਔਰਤ 'ਤੇ ਇੱਕ ਸੁਪਰਮਾਰਕੀਟ ਸਟੋਰ ਤੋਂ 1 ਲੱਖ ਤੋਂ ਵੱਧ ਦਾ ਸਾਮਾਨ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਅਨੁਸਾਰ, ਔਰਤ ਨੇ ਸਟੋਰ ਵਿੱਚ ਸੱਤ ਘੰਟੇ ਬਿਤਾਏ ਅਤੇ ਬਿਨ੍ਹਾਂ ਭੁਗਤਾਨ ਕੀਤੇ ਸਾਮਾਨ ਲੈ ਕੇ ਬਾਹਰ ਨਿਕਲਣ ਦੀ ਕੋਸਿ਼ਸ਼ ਕੀਤੀ।
ਇਹ ਘਟਨਾ 1 ਮਈ 2025 ਨੂੰ ਵਾਪਰੀ। ਹੁਣ ਇਸਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਔਰਤ ਦਾ ਨਾਮ ਅਨਾਇਆ ਅਵਲਾਨੀ ਦੱਸਿਆ ਜਾ ਰਿਹਾ ਹੈ। ਸਟੋਰ ਸਟਾਫ ਨੂੰ ਉਸਦਾ ਵਿਵਹਾਰ ਸ਼ੱਕੀ ਲੱਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਬੁਲਾਇਆ।
ਸਟੋਰ ਦੇ ਇੱਕ ਕਰਮਚਾਰੀ ਨੇ ਕਿਹਾ ਕਿ ਔਰਤ ਕਾਫ਼ੀ ਸਮੇਂ ਤੋਂ ਸਟੋਰ ਵਿੱਚ ਮੌਜੂਦ ਸੀ ਅਤੇ ਬਿਨ੍ਹਾਂ ਕਿਸੇ ਮਕਸਦ ਦੇ ਘੁੰਮ ਰਹੀ ਸੀ। ਉਸਨੂੰ ਵਾਰ-ਵਾਰ ਸਾਮਾਨ ਚੁੱਕਦੇ ਅਤੇ ਟੋਕਰੀ ਵਿੱਚ ਪਾਉਂਦੇ, ਫਿਰ ਉਨ੍ਹਾਂ ਨੂੰ ਹਟਾਉਂਦੇ ਅਤੇ ਕਿਸੇ ਹੋਰ ਜਗ੍ਹਾ ਜਾਂਦੇ ਦੇਖਿਆ ਗਿਆ।
ਅੰਤ ਵਿੱਚ ਉਹ ਬਿਨ੍ਹਾਂ ਭੁਗਤਾਨ ਕੀਤੇ ਗੇਟ ਤੋਂ ਬਾਹਰ ਨਿਕਲਣ ਦੀ ਕੋਸਿ਼ਸ਼ ਕਰਨ ਲੱਗੀ। ਸਟਾਫ ਨੇ ਤੁਰੰਤ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਥੋੜ੍ਹੀ ਦੇਰ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ।
ਦੋਸ਼ ਹੈ ਕਿ ਜਦੋਂ ਪੁਲਿਸ ਨੇ ਔਰਤ ਨੂੰ ਰੋਕਿਆ, ਤਾਂ ਉਸਨੇ ਪੈਸੇ ਦੇ ਕੇ ਮਾਮਲਾ ਸੁਲਝਾਉਣ ਦੀ ਕੋਸਿ਼ਸ਼ ਕੀਤੀ। ਉਸਨੇ ਕਥਿਤ ਤੌਰ 'ਤੇ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਜਾਣ ਦੀ ਪੇਸ਼ਕਸ਼ ਕੀਤੀ।
ਔਰਤ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਜੇਕਰ ਮੈਂ ਤੁਹਾਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਿੱਤੀ ਹੈ, ਤਾਂ ਮੈਨੂੰ ਮੁਆਫ਼ ਕਰਨਾ। ਮੈਂ ਇਸ ਦੇਸ਼ ਦੀ ਨਾਗਰਿਕ ਨਹੀਂ ਹਾਂ ਅਤੇ ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ। ਮੈਂ ਸਾਰੇ ਸਮਾਨ ਦਾ ਭੁਗਤਾਨ ਕਰਨ ਲਈ ਤਿਆਰ ਹਾਂ।
ਇਸ 'ਤੇ, ਇੱਕ ਮਹਿਲਾ ਪੁਲਿਸ ਅਧਿਕਾਰੀ ਨੇ ਸਖ਼ਤ ਲਹਿਜੇ ਵਿੱਚ ਜਵਾਬ ਦਿੱਤਾ, "ਕੀ ਭਾਰਤ ਵਿੱਚ ਚੋਰੀ ਦੀ ਇਜਾਜ਼ਤ ਹੈ? ਮੈਨੂੰ ਨਹੀਂ ਲੱਗਦਾ।"
ਇਸ ਤੋਂ ਬਾਅਦ, ਜਦੋਂ ਪੁਲਿਸ ਨੇ ਬਿੱਲ ਦੀ ਜਾਂਚ ਕੀਤੀ, ਤਾਂ ਉਨ੍ਹਾਂ ਨੇ ਪਾਇਆ ਕਿ ਔਰਤ ਨੇ ਅਸਲ ਵਿੱਚ ਭੁਗਤਾਨ ਨਹੀਂ ਕੀਤਾ ਸੀ। ਇਸ ਆਧਾਰ 'ਤੇ, ਉਸਨੂੰ ਉੱਥੇ ਹੱਥਕੜੀ ਲਗਾ ਕੇ ਪੁਲਿਸ ਥਾਣੇ ਲਿਜਾਇਆ ਗਿਆ। ਉੱਥੇ ਰਸਮੀ ਪ੍ਰਕਿਰਿਆ ਸ਼ੁਰੂ ਕੀਤੀ ਗਈ।
ਔਰਤ ਵਿਰੁੱਧ ਸੰਗੀਨ ਅਪਰਾਧ ਭਾਵ ਗੰਭੀਰ ਅਪਰਾਧ ਦੇ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਰਸਮੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ, ਪਰ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਉਸਦੇ ਵਿਰੁੱਧ ਜਲਦੀ ਹੀ ਦੋਸ਼ ਤੈਅ ਕੀਤੇ ਜਾਣਗੇ।
ਹਾਲਾਂਕਿ ਉਸਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ, ਪਰ ਉਸ 'ਤੇ ਗੰਭੀਰ ਅਪਰਾਧ ਦਾ ਦੋਸ਼ ਲੱਗਣ ਦੀ ਸੰਭਾਵਨਾ ਹੈ।