ਜਕਾਰਤਾ, 13 ਜੁਲਾਈ (ਪੋਸਟ ਬਿਊਰੋ): ਇੰਡੋਨੇਸ਼ੀਆ ਦੀ ਹਾਈਕੋਰਟ ਨੇ ਤਿੰਨ ਭਾਰਤੀ ਨਾਗਰਿਕਾਂ ਰਾਜੂ ਮੁਥੁਕੁਮਾਰਨ, ਸੇਲਵਾਦੁਰਾਈ ਦਿਨਾਕਰਨ ਅਤੇ ਗੋਵਿੰਦਸਾਮੀ ਵਿਮਲਕੰਦਨ ਦੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਵਿੱਚ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਇਹ ਫੈਸਲਾ 20 ਜੂਨ 2025 ਨੂੰ ਸੁਣਾਇਆ ਗਿਆ ਸੀ।
ਭਾਰਤ ਨੇ ਇਸ ਮਾਮਲੇ 'ਤੇ ਇਤਰਾਜ਼ ਜਤਾਇਆ ਹੈ। ਇੰਡੋਨੇਸ਼ੀਆ ਵਿੱਚ ਭਾਰਤ ਦੇ ਰਾਜਦੂਤ ਸੰਦੀਪ ਚੱਕਰਵਰਤੀ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਸਾਨੂੰ ਇੰਡੋਨੇਸ਼ੀਆਈ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਹੈ, ਪਰ ਇਸ ਮਾਮਲੇ ਵਿੱਚ ਸਬੂਤਾਂ ਦੀ ਪੂਰੀ ਤਰ੍ਹਾਂ ਜਾਂਚ ਨਹੀਂ ਕੀਤੀ ਗਈ ਹੈ। ਮੌਤ ਦੀ ਸਜ਼ਾ ਸਿਰਫ਼ ਰੇਅਰ ਆਫ ਦ ਰੇਅਰ' ਮਾਮਲਿਆਂ ਵਿੱਚ ਹੀ ਦਿੱਤੀ ਜਾਣੀ ਚਾਹੀਦੀ ਹੈ।
ਤਿੰਨਾਂ ਭਾਰਤੀਆਂ ਨੂੰ 14 ਜੁਲਾਈ 2024 ਨੂੰ ਇੰਡੋਨੇਸ਼ੀਆ ਦੇ ਰਿਆਉ ਟਾਪੂ ਦੇ ਨੇੜੇ ਫੜ੍ਹਿਆ ਗਿਆ ਸੀ। ਟਾਂਜੰੁਗ ਬਾਲਈ ਕਰੀਮੁਨ ਜਿ਼ਲ੍ਹਾ ਅਦਾਲਤ ਨੇ ਪਹਿਲਾਂ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਹਾਈਕੋਰਟ ਨੇ ਵੀ ਬਰਕਰਾਰ ਰੱਖਿਆ ਸੀ।