ਇਸਲਾਮਾਬਾਦ, 7 ਜੁਲਾਈ (ਪੋਸਟ ਬਿਊਰੋ): ਪੁਲਿਸ ਨੇ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਇੱਕ ਪਾਲਤੂ ਸ਼ੇਰ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ੇਰ ਨੇ ਇੱਕ ਔਰਤ ਅਤੇ ਉਸਦੇ ਦੋ ਛੋਟੇ ਬੱਚਿਆਂ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ।
ਇਹ ਹਮਲਾ ਬੁੱਧਵਾਰ ਰਾਤ ਨੂੰ ਹੋਇਆ, ਜਦੋਂ ਸ਼ੇਰ ਆਪਣੇ ਪਿੰਜਰੇ ਵਿੱਚੋਂ ਨਿਕਲ ਆਇਆ ਅਤੇ ਇੱਕ ਰਿਹਾਇਸ਼ੀ ਖੇਤਰ ਵਿੱਚ ਪਹੁੰਚਿਆ ਅਤੇ ਉੱਥੇ ਮੌਜੂਦ ਔਰਤ ਅਤੇ ਉਸਦੇ ਪੰਜ ਅਤੇ ਸੱਤ ਸਾਲ ਦੇ ਬੱਚਿਆਂ 'ਤੇ ਝਪਟ ਮਾਰੀ।
ਇਸ ਹਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸ਼ੇਰ ਨੂੰ ਇੱਕ ਕੰਧ ਟੱਪਦੇ ਹੋਏ ਅਤੇ ਇਲਾਕੇ ਵਿੱਚ ਦਾਖਲ ਹੋ ਕੇ ਲੋਕਾਂ 'ਤੇ ਹਮਲਾ ਕਰਦੇ ਦੇਖਿਆ ਜਾ ਸਕਦਾ ਹੈ। ਇਸ ਵਿੱਚ, ਔਰਤ ਨੂੰ ਆਪਣੇ ਆਪ ਨੂੰ ਕਾਬੂ ਕਰਦੇ ਹੋਏ ਅਤੇ ਫਿਰ ਮਦਦ ਲਈ ਭੱਜਦੇ ਦੇਖਿਆ ਜਾ ਸਕਦਾ ਹੈ, ਜਦੋਂਕਿ ਆਸ ਪਾਸ ਦੇ ਕੁਝ ਲੋਕ ਡਰ ਕੇ ਇਧਰ-ਉਧਰ ਭੱਜ ਰਹੇ ਹਨ।
ਲਾਹੌਰ ਪੁਲਿਸ ਨੇ ਸ਼ੇਰ ਦੇ ਮਾਲਕ ਵਿਰੁੱਧ ਬਿਨ੍ਹਾਂ ਲਾਈਸੈਂਸ ਦੇ ਸ਼ੇਰ ਨੂੰ ਰੱਖਣ ਅਤੇ ਲਾਪਰਵਾਹੀ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਪੁਲਿਸ ਅਧਿਕਾਰੀ ਫੈਜ਼ਲ ਕਾਮਰਾਨ ਨੇ ਕਿਹਾ ਕਿ ਸ਼ੇਰ ਦੇ ਹਮਲੇ ਵਿੱਚ ਔਰਤ ਅਤੇ ਬੱਚਿਆਂ ਦੇ ਚਿਹਰੇ ਅਤੇ ਹੱਥਾਂ 'ਤੇ ਸੱਟਾਂ ਲੱਗੀਆਂ ਹਨ।
ਪੁਲਿਸ ਅਨੁਸਾਰ, ਬੱਚਿਆਂ ਦੇ ਪਿਤਾ ਨੇ ਦੱਸਿਆ ਕਿ ਸ਼ੇਰ ਦਾ ਮਾਲਕ ਮੌਕੇ 'ਤੇ ਮੌਜੂਦ ਸੀ, ਪਰ ਉਸਨੇ ਸ਼ੇਰ ਨੂੰ ਰੋਕਣ ਦੀ ਕੋਈ ਕੋਸਿ਼ਸ਼ ਨਹੀਂ ਕੀਤੀ ਅਤੇ ਬਸ ਖੜ੍ਹਾ ਹੋ ਕੇ ਸਭ ਕੁਝ ਦੇਖਦਾ ਰਿਹਾ। ਕੁਝ ਸਮੇਂ ਬਾਅਦ, ਸ਼ੇਰ ਆਪਣੇ ਆਪ ਆਪਣੇ ਮਾਲਕ ਦੇ ਫਾਰਮ ਹਾਊਸ ਵਾਪਿਸ ਆ ਗਿਆ, ਜਿੱਥੋਂ ਉਸਨੂੰ ਪੁਲਿਸ ਅਤੇ ਜੰਗਲੀ ਜੀਵ ਅਧਿਕਾਰੀਆਂ ਨੇ ਫੜ੍ਹ ਲਿਆ ਅਤੇ ਚਿੜੀਆਘਰ ਪਾਰਕ ਵਿੱਚ ਲੈ ਗਏ।