ਇਸਲਾਮਾਬਾਦ, 2 ਜੁਲਾਈ (ਪੋਸਟ ਬਿਊਰੋ): ਪਾਕਿਸਤਾਨ ਦੇ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਗੁਲਾਮੀ ਮਨਜ਼ੂਰ ਕਰਨ ਦੀ ਬਜਾਏ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਣਗੇ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਹਾਈਬ੍ਰਿਡ ਸ਼ਾਸਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਦੀ ਅਪੀਲ ਵੀ ਕੀਤੀ।
ਖਾਨ ਨੇ ਆਪਣੀ ਪਾਰਟੀ, ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਵਰਕਰਾਂ ਨੂੰ ਆਸ਼ੂਰਾ ਜੋ ਕਿ ਮੁਹੱਰਮ ਵਿੱਚ ਸੋਗ ਦਾ 10ਵਾਂ ਦਿਨ ਹੈ ਅਤੇ ਪੈਗੰਬਰ ਦੇ ਪੋਤੇ, ਇਮਾਮ ਹੁਸੈਨ ਦੀ 7ਵੀਂ ਸਦੀ ਦੀ ਸ਼ਹਾਦਤ ਦੀ ਯਾਦ ’ਚ ਮਨਾਇਆ ਜਾਂਦਾ ਹੈ, ਤੋਂ ਬਾਅਦ ਮੌਜੂਦਾ ਸ਼ਾਸਨ ਵਿਰੁੱਧ ਵਿਦਰੋਹ ਕਰਨ ਦਾ ਸੱਦਾ ਦਿੱਤਾ। ਅਸ਼ੂਰਾ ਇਸ ਸਾਲ 6 ਜੁਲਾਈ ਨੂੰ ਮਨਾਇਆ ਜਾਣਾ ਹੈ।
ਉਨ੍ਹਾਂ ਨੇ ਮੰਗਲਵਾਰ ਨੂੰ ਐਕਸ ’ਤੇ ਪੋਸਟ ਕੀਤਾ ਕਿ ਮੈਂ ਪੂਰੇ ਮੁਲਕ, ਖਾਸਕਰ ਪੀਟੀਆਈ ਵਰਕਰਾਂ ਅਤੇ ਸਮਰਥਕਾਂ ਨੂੰ ਆਸ਼ੂਰਾ ਤੋਂ ਬਾਅਦ ਇਸ ਜ਼ਾਲਮ ਨਿਜ਼ਾਮ ਖ਼ਿਲਾਫ਼ ਡਟਣ ਦੀ ਅਪੀਲ ਕਰਦਾ ਹਾਂ। ਇਮਰਾਨ ਖ਼ਾਨ ਜੋ ਕਈ ਮਾਮਲਿਆਂ ਵਿੱਚ ਲਗਪਗ ਦੋ ਸਾਲਾਂ ਤੋਂ ਜੇਲ੍ਹ ਵਿੱਚ ਹਨ ਕਿਹਾ ਕਿ ਮੈਂ ਇਹ ਗੁਲਾਮੀ ਸਵੀਕਾਰ ਕਰਨ ਨਾਲੋਂ ਇੱਕ ਹਨੇਰੀ ਜੇਲ੍ਹ ਦੀ ਕੋਠੜੀ ਵਿੱਚ ਰਹਿਣਾ ਪਸੰਦ ਕਰਾਂਗਾ।