ਟੋਰਾਂਟੋ, 7 ਜੁਲਾਈ (ਪੋਸਟ ਬਿਊਰੋ): ਟੋਰਾਂਟੋ ਦੇ ਵੁੱਡਬਾਈਨ ਪਾਰਕ ਨੇੜੇ ਦੇਰ ਰਾਤ ਹੋਈ ਛੁਰੇਬਾਜ਼ੀ ਵਿਚ ਇੱਕ ਲਾਬਾਲਗ ਲੜਕੇ ਦੀ ਮੌਤ ਹੋ ਗਈ। ਘਟਨਾ ਸ਼ਨੀਵਾਰ ਰਾਤ ਕਰੀਬ 10 ਵਜੇ ਪੂਰਬੀ ਅਤੇ ਕੌਕਸਵੈੱਲ ਐਵੇਨਿਊ ਦੇ ਨੇੜੇ ਵਾਪਰੀ। ਪੁਲਿਸ ਦਾ ਕਹਿਣਾ ਹੈ ਕਿ ਪੈਰਾਮੈਡਿਕਸ ਨੂੰ ਘਟਨਾ ਵਾਲੀ ਥਾਂ 'ਤੇ, ਇੱਕ ਫਾਸਟ ਫੂਡ ਰੈਸਟੋਰੈਂਟ ਦੇ ਨੇੜੇ ਬੁਲਾਇਆ ਗਿਆ, ਜਿੱਥੇ ਇੱਕ ਵਿਅਕਤੀ ਜ਼ਖ਼ਮੀ ਹਾਲਤ ਵਿਚ ਪਾਇਆ ਗਿਆ, ਜਿਸ ਨਾਲ ਕਿ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਪੀੜਤ ਨੂੰ ਗੰਭੀਰ ਜ਼ਖ਼ਮਾਂ ਨਾਲ ਐਮਰਜੈਂਸੀ ਰਨ ਰਾਹੀਂ ਸਥਾਨਕ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿੱਚ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਐਤਵਾਰ ਸਵੇਰੇ ਘਟਨਾ ਵਾਲੀ ਥਾਂ 'ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਡਿਟੈਕਟਿਵ ਸਾਰਜੈਂਟ ਐਲਨ ਬਾਰਟਲੇਟ ਨੇ ਕਿਹਾ ਕਿ ਇਸ ਸਮੇਂ ਪੀੜਤ ਨਾਲ ਉਹ ਸੀਮਤ ਜਾਣਕਾਰੀ ਸਾਂਝੀ ਕਰ ਸਕਦੇ ਹਨ ਕਿਉਂਕਿ ਜਾਂਚ ਸ਼ੁਰੂਆਤੀ ਪੜਾਵਾਂ ਵਿੱਚ ਹੈ। ਹਮਲੇ ਪਿੱਛੇ ਉਦੇਸ਼ ਵੀ ਸਪੱਸ਼ਟ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਸਮੇਂ 'ਸੈਂਕੜੇ ਲੋਕ' ਇਲਾਕੇ ਵਿੱਚ ਸਨ ਅਤੇ ਜਾਂਚਕਰਤਾ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਚਸ਼ਮਦੀਦਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।