ਮਾਂਟਰੀਅਲ, 7 ਜੁਲਾਈ (ਪੋਸਟ ਬਿਊਰੋ): ਮਾਂਟਰੀਅਲ ਤੋਂ ਲਗਭਗ 40 ਕਿਲੋਮੀਟਰ ਉੱਤਰ-ਪੱਛਮ ਵਿੱਚ, ਕਿਊਬੈਕ ਦੇ ਸੇਂਟ-ਐਨ-ਡੇਸ-ਪਲੇਨਜ਼ ਵਿੱਚ ਇੱਕ ਕਤਲ ਦਾ ਦੋਸ਼ੀ ਭੱਜ ਗਿਆ, ਜਿਸਦੀ ਕਿ ਪੁਲਸ ਭਾਲ ਕਰ ਰਹੀ ਹੈ। ਕੈਨੇਡਾ ਦੀ ਸੁਧਾਰ ਸੇਵਾ ਅਨੁਸਾਰ, ਸ਼ਨੀਵਾਰ ਨੂੰ ਆਰਚਮਬਾਲਟ ਸੰਸਥਾ ਦੀ ਘੱਟੋ-ਘੱਟ ਸੁਰੱਖਿਆ ਇਕਾਈ ਵਿੱਚ ਰਾਤ ਕਰੀਬ 10 ਵਜੇ ਗਿਣਤੀ ਦੌਰਾਨ 69 ਸਾਲਾ ਲੋਰੀ ਬਿਲ ਜਰਮਾ ਗਾਇਬ ਸੀ। ਏਜੰਸੀ ਨੇ ਕਿਹਾ ਕਿ ਜਰਮਾ ਫਸਟ ਡਿਗਰੀ ਕਤਲ ਕੇਸ ਵਿਚ ਸਜ਼ਾ ਕੱਟ ਰਿਹਾ ਸੀ।
ਉਸ ਦੇ ਹੁਲੀਏ ਬਾਰੇ ਪੁਲਿਸ ਨੇ ਦੱਸਿਆ ਕਿ ਜਰਮਾ ਦਾ ਰੰਗ ਗੋਰਾ, ਅੱਖਾਂ ਭੂਰੀਆਂ ਅਤੇ ਉਹ ਗੰਜਾ ਹੈ। ਉਸ ਦਾ ਕੱਦ 5 ਫੁੱਟ 10 ਇੰਚ ਹੈ ਅਤੇ ਭਾਰ 166 ਪੌਂਡ ਹੈ। ਜਰਮਾ ਦੇ ਖੱਬੇ ਪੈਰ 'ਤੇ ਇੱਕ ਦਾਗ ਅਤੇ ਕਈ ਟੈਟੂ ਵੀ ਹੈ, ਜਿਸ ਵਿੱਚ ਉਸਦੀ ਖੱਬੀ ਬਾਂਹ 'ਤੇ ਤਲਵਾਰ ਦਾ ਟੈਟੂ ਅਤੇ ਸੱਜੇ ਹੱਥ 'ਤੇ ਦੋ ਸਮੁੰਦਰੀ ਘੋੜੇ ਅਤੇ ਇੱਕ ਅਜਗਰ ਸ਼ਾਮਲ ਹਨ। ਸੀਐਸਸੀ ਨੇ ਕਿਹਾ ਕਿ ਕਿਊਬੈਕ ਸੂਬਾਈ ਪੁਲਿਸ ਨਾਲ ਸੰਪਰਕ ਕੀਤਾ ਹੈ ਅਤੇ ਜਰਮਾ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਹੈ। ਜੇਕਰ ਕਿਸੇ ਕੋਲ ਜਰਮਾ ਦੇ ਟਿਕਾਣੇ ਬਾਰੇ ਜਾਣਕਾਰੀ ਹੈ, ਉਹ ਪੁਲਸ ਨਾਲ ਸੰਪਰਕ ਕਰ ਸਕਦਾ ਹੈ।
ਜਿ਼ਕਰਯੋਗ ਹੈ ਕਿ ਇਹ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਦੂਜੀ ਵਾਰ ਹੈ ਜਦੋਂ ਕੋਈ ਦੋਸ਼ੀ ਕਾਤਲ ਜੇਲ੍ਹ ਤੋਂ ਭੱਜ ਗਿਆ। ਬੀਤੀ 22 ਜੂਨ ਨੂੰ ਸੰਕਿੰਡ ਡਿਗਰੀ ਕਤਲ ਲਈ ਉਮਰ ਕੈਦ ਦੀ ਸਜ਼ਾ ਕੱਟ ਰਹੇ ਇੱਕ 62 ਸਾਲਾ ਕੈਦੀ ਵੀ ਭੱਜ ਗਿਆ ਸੀ ਪਰ ਉਸਨੂੰ ਅਗਲੇ ਦਿਨ ਸੂਰਤੇ ਡੂ ਕਿਊਬੈਕ ਵੱਲੋਂ ਲੱਭ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।