ਵਾਸਿ਼ੰਗਟਨ, 22 ਮਈ (ਪੋਸਟ ਬਿਊਰੋ): ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਨੇ ਇੱਕ ਬ੍ਰੀਫਿੰਗ ਵਿੱਚ ਪੁਸ਼ਟੀ ਕੀਤੀ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਗਲੇ ਮਹੀਨੇ ਕੈਨੇਡਾ ਵਿੱਚ ਹੋਣ ਵਾਲੇ ਜੀ-7 ਲੀਡਰਾਂ ਦੇ ਸੰਮੇਲਨ ਵਿੱਚ ਸ਼ਾਮਿਲ ਹੋਣਗੇ।
ਟਰੰਪ 15 ਤੋਂ 17 ਜੂਨ ਤੱਕ ਕੈਨੇਡਾ ਵਿੱਚ ਰਹਿਣਗੇ। ਲੀਵਿਟ ਨੇ ਕਿਹਾ ਕਿ ਉਨ੍ਹਾਂ ਦੇ ਦੌਰੇ ਦੇ ਹੋਰ ਵੇਰਵਿਆਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
6 ਮਈ ਨੂੰ, ਵ੍ਹਾਈਟ ਹਾਊਸ ਵਿੱਚ ਟਰੰਪ ਨਾਲ ਮੁਲਾਕਾਤ ਮਗਰੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜ਼ਿਕਰ ਕੀਤਾ ਸੀ ਦੋਵੇਂ ਲੀਡਰ ਅਗਲੇ ਮਹੀਨੇ ਕੈਨਾਨੈਸਕਿਸ ਵਿੱਚ ਜੀ-7 ਸੰਮੇਲਨ ਵਿੱਚ ਮਿਲਣ ਲਈ ਉਤਸੁਕ ਹਨ।
51ਵਾਂ ਜੀ-7 ਸੰਮੇਲਨ 15 ਤੋਂ 17 ਜੂਨ ਤੱਕ ਐਲਬਰਟਾ ਦੇ ਕੈਨਾਨੈਸਕਿਸ ਵਿੱਚ ਆਯੋਜਿਤ ਹੋ ਰਿਹਾ ਹੈ, ਜਿਸ ਵਿੱਚ ਸਮੂਹ ਦੇ ਮੁੱਖ ਮੈਂਬਰ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੈਲੈਂਸਕੀ ਅਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵੀ ਹਾਜ਼ਰ ਹੋਣਗੇ।
ਇਸ ਹਫ਼ਤੇ, ਜੀ-7 ਦੇਸ਼ਾਂ ਦੇ ਵਿੱਤ ਮੰਤਰੀਆਂ ਨੇ ਐਲਬਰਟਾ ਦੇ ਬੈਂਫ਼ ਵਿਚ ਤਿੰਨ ਰੋਜ਼ਾ ਸੰਮੇਲਨ ਵਿਚ ਹਿੱਸਾ ਲਿਆ ਜਿਸ ਵਿਚ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਮੁਖੀ ਵੀ ਸ਼ਾਮਲ ਹੋਏ। ਇਸ ਸੰਮੇਲਨ ਦੌਰਾਨ ਉਨ੍ਹਾਂ ਨੇ ਵਿਸ਼ਵ ਵਪਾਰ, ਏਆਈ ਅਤੇ ਯੂਕਰੇਨ ਵਿੱਚ ਯੁੱਧ ਬਾਰੇ ਚਰਚਾ ਕੀਤੀ।