ਓਟਵਾ, 22 ਮਈ (ਪੋਸਟ ਬਿਊਰੋ): ਬੁੱਧਵਾਰ ਨੂੰ ਵੈਸਟ ਬੈਂਕ ਵਿਚ ਇੱਕ ਕੂਟਨੀਤਕ ਵਫ਼ਦ, ਜਿਸ ਵਿਚ ਦੋ ਕੈਨੇਡੀਅਨਜ਼ ਵੀ ਸ਼ਾਮਿਲ ਸਨ, ਦੇ ਦੌਰੇ ਵਾਲੀ ਜਗ੍ਹਾ ਕੋਲ ਇਜ਼ਰਾਈਲੀ ਫ਼ੌਜਾਂ ਵੱਲੋਂ ਗੋਲੀਆਂ ਚਲਾਏ ਜਾਣ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਆਖਿਆ ਹੈ।
ਫ਼ੈਡਰਲ ਸਰਕਾਰ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਇੱਕ ਕੈਨੇਡੀਅਨ ਵਫ਼ਦ ਦੇ ਚਾਰ ਮੈਂਬਰ ਜੇਨਿਨ ਸ਼ਹਿਰ ਵਿੱਚ ਇੱਕ ਦੌਰੇ ਦਾ ਹਿੱਸਾ ਸਨ ਜਦੋਂ ਇਜ਼ਰਾਈਲ ਰੱਖਿਆ ਬਲਾਂ ਦੇ ਮੈਂਬਰਾਂ ਨੇ ਉਨ੍ਹਾਂ ਦੇ ਨੇੜੇ ਗੋਲੀਬਾਰੀ ਕੀਤੀ। ਵਿਦੇਸ਼ ਮੰਤਰੀ ਅਨੀਤਾ ਆਨੰਦ ਦੇ ਦਫ਼ਤਰ ਨੇ ਦੱਸਿਆ ਕਿ ਚਾਰਾਂ ਵਿਚ ਦੋ ਕੈਨੇਡੀਅਨ ਸਨ ਅਤੇ ਦੋ ਸਥਾਨਕ ਸਟਾਫ ਸਨ।
ਕਾਰਨੀ ਨੇ ਔਟਵਾ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਕਿਹਾ, ਅਸੀਂ ਪੂਰੀ ਜਾਂਚ ਦੀ ਉਮੀਦ ਕਰਦੇ ਹਾਂ ਅਤੇ ਸਾਨੂੰ ਘਟਨਾ ਦੀ ਤੁਰੰਤ ਵਿਆਖਿਆ ਦੀ ਉਮੀਦ ਹੈ। ਇਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ, ਇਹ ਉਸ ਖੇਤਰ ਵਿਚ ਵਾਪਰ ਰਹੀਆਂ ਉਹਨਾਂ ਬਹੁਤ ਸਾਰੀਆਂ ਚੀਜ਼ਾਂ ਵਿੱਚੋਂ ਹੈ ਜੋ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ।
ਅਨੀਤਾ ਆਨੰਦ ਨੇ ਪਹਿਲਾਂ ਕਿਹਾ ਸੀ ਕਿ ਉਹ ਕੈਨੇਡਾ ਦੀਆਂ ਗੰਭੀਰ ਚਿੰਤਾਵਾਂ ਪਹੁੰਚਦੀਆਂ ਕਰਨ ਲਈ ਇਜ਼ਰਾਈਲੀ ਰਾਜਦੂਤ ਨੂੰ ਤਲਬ ਕਰਨਗੇ।
ਆਨੰਦ ਨੇ ਰਾਮੱਲਾਹ ਵਿੱਚ ਕੈਨੇਡਾ ਦੇ ਮਿਸ਼ਨ ਮੁਖੀ ਨਾਲ ਗੱਲ ਕਰਨ ਤੋਂ ਬਾਅਦ ਲਿਖਿਆ, ਇਹ ਜਾਣ ਕੇ ਰਾਹਤ ਮਿਲੀ ਕਿ ਸਾਡੀ ਟੀਮ ਸੁਰੱਖਿਅਤ ਹੈ। ਮੈਂ ਆਪਣੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕੈਨੇਡਾ ਦੀਆਂ ਗੰਭੀਰ ਚਿੰਤਾਵਾਂ ਤੋਂ ਜਾਣੂ ਕਰਵਾਉਣ ਲਈ ਇਜ਼ਰਾਈਲ ਦੇ ਰਾਜਦੂਤ ਨੂੰ ਤਲਬ ਕਰਨ। ਅਸੀਂ ਪੂਰੀ ਜਾਂਚ ਅਤੇ ਜਵਾਬਦੇਹੀ ਦੀ ਉਮੀਦ ਕਰਦੇ ਹਾਂ।
ਘਟਨਾ ਦੀ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਵਫ਼ਦ ਦੇ ਮੈਂਬਰਾਂ ਨੂੰ ਸੁਰੱਖਿਆ ਕਰਮੀਆਂ ਦੁਆਰਾ ਦੂਰ ਲਿਜਾਇਆ ਜਾ ਰਿਹਾ ਹੈ ਅਤੇ ਪਿੱਛੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਇਜ਼ਰਾਈਲੀ ਫ਼ੌਜ ਨੇ ਅਸੁਵਿਧਾ ਲਈ ਅਫਸੋਸ ਜ਼ਾਹਰ ਕੀਤਾ ਹੈ।
ਇਸ ਹਫ਼ਤੇ ਕੈਨੇਡਾ, ਬ੍ਰਿਟੇਨ ਅਤੇ ਫ਼੍ਰਾਂਸ ਦੇ ਲੀਡਰਾਂ ਨੇ ਇਜ਼ਰਾਈਲ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਸ ਨੇ ਗਾਜ਼ਾ ਵਿੱਚ ਆਪਣੇ ਨਵੇਂ ਫੌਜੀ ਹਮਲੇ ਨਹੀਂ ਰੋਕੇ ਅਤੇ ਮਦਦ 'ਤੇ ਲਾਈਆਂ ਪਾਬੰਦੀਆਂ ਨਹੀਂ ਹਟਾਈਆਂ, ਤਾਂ ਇਹ ਤਿੰਨੋ ਦੇਸ਼ ਸਖ਼ਤ ਕਾਰਵਾਈ ਕਰਨਗੇ।