ਵਾਸ਼ਿੰਗਟਨ, 22 ਮਈ (ਪੋਸਟ ਬਿਊਰੋ): ਬੁੱਧਵਾਰ ਰਾਤ ਨੂੰ ਵਾਸ਼ਿੰਗਟਨ ਡੀਸੀ ਵਿਚ ਇਜ਼ਰਾਈਲੀ ਦੂਤਾਵਾਸ ਦੇ ਦੋ ਮੁਲਾਜ਼ਮਾਂ ਦਾ ਗੋਲੀਆਂ ਮਾਰ ਕੇ ਕਤਲ ਹੋ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਪੀੜਤ ਕੈਪੀਟਲ ਜੂਇਸ਼ ਮਿਊਜ਼ੀਅਮ (ਯਹੂਦੀ ਅਜਾਇਬ ਘਰ) ਵਿਚ ਆਯੋਜਿਤ ਇੱਕ ਸਮਾਗਮ ਤੋਂ ਬਾਹਰ ਨਿਕਲ ਰਹੇ ਸਨ। ਇਸ ਘਟਨਾ ਨੂੰ ਇੱਕੋ ਮੁਲਜ਼ਮ ਨੇ ਅੰਜ਼ਾਮ ਦਿੱਤਾ ਹੈ ਅਤੇ ਉਸਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਮੁਲਜ਼ਮ ਦੀ ਪਛਾਣ ਏਲੀਅਸ ਰੋਡਰਿਗਜ਼ ਵਜੋਂ ਕੀਤੀ ਹੈ, ਜੋਕਿ ਸਿ਼ਕਾਗੋ ਦਾ ਰਹਿਣ ਵਾਲਾ ਹੈ।
ਇਜ਼ਰਾਈਲੀ ਵਿਦੇਸ਼ ਮੰਤਰਾਲੇ ਨੇ ਪੀੜਤਾਂ ਦੀ ਪਛਾਣ ਯੈਰੌਨ ਲਿਸਚਿਨਸਕਾਈ ਅਤੇ ਸੈਰਾਹ ਲਿਨ ਮਿਲਗਰਿਮ ਵਜੋਂ ਕੀਤੀ ਹੈ। ਕਤਲ ਕੀਤੇ ਗਏ ਨੌਜਵਾਨ ਜੋੜੇ ਦੀ ਜਲਦ ਹੀ ਮੰਗਣੀ ਹੋਣ ਵਾਲੀ ਸੀ।
ਵਾਸਿ਼ੰਗਟਨ ਮੈਟਰੋਪੋਲੀਟਨ ਪੁਲਿਸ ਚੀਫ਼ ਪਾਮੇਲਾ ਸਮਿਥ ਨੇ ਕਿਹਾ ਕਿ ਇੱਕ ਵਿਅਕਤੀ ਨੇ ਚਾਰ ਲੋਕਾਂ ਦੇ ਇੱਕ ਸਮੂਹ 'ਤੇ ਹੈਂਡਗਨ ਨਾਲ ਗੋਲੀਬਾਰੀ ਕੀਤੀ, ਜਿਸ ਨਾਲ ਦੋਵੇਂ ਪੀੜਤਾਂ ਨੂੰ ਗੋਲੀ ਵੱਜੀ। ਗੋਲੀਬਾਰੀ ਤੋਂ ਪਹਿਲਾਂ ਉਸਨੂੰ ਅਜਾਇਬ ਘਰ ਦੇ ਬਾਹਰ ਘੁੰਮਦੇ ਦੇਖਿਆ ਗਿਆ ਸੀ।
ਸਮਿੱਥ ਨੇ ਕਿਹਾ ਕਿ ਸ਼ੱਕੀ ਫ਼ਲਸਤੀਨ ਨੂੰ ਆਜ਼ਾਦ ਕਰੋ ਦੇ ਨਾਅਰੇ ਲਗਾ ਰਿਹਾ ਸੀ। ਸਮਿੱਥ ਨੇ ਕਿਹਾ, ਗੋਲੀਬਾਰੀ ਤੋਂ ਬਾਅਦ, ਮੁਲਜ਼ਮ ਅਜਾਇਬ ਘਰ ਵਿੱਚ ਦਾਖਲ ਹੋਇਆ ਅਤੇ ਉਸਨੂੰ ਸੁਰੱਖਿਆ ਗਾਰਡਾਂ ਦੁਆਰਾ ਹਿਰਾਸਤ ਵਿੱਚ ਲੈ ਲਿਆ ਗਿਆ। ਹੱਥਕੜੀਆਂ ਲਗਾਉਣ ਤੋਂ ਬਾਅਦ, ਮੁਲਜ਼ਮ ਕੋਲੋਂ ਹਥਿਆਰ ਬਰਾਮਦ ਕਰ ਲਿਆ ਗਿਆ ਹੈ, ਅਤੇ ਉਸਨੇ ਸੰਕੇਤ ਦਿੱਤਾ ਕਿ ਉਸੇ ਨੇ ਅਪਰਾਧ ਕੀਤਾ ਹੈ।