ਟੋਰਾਂਟੋ, 29 ਸਤੰਬਰ (ਪੋਸਟ ਬਿਊਰੋ): ਉੱਤਰੀ ਸਕਾਰਬੋਰੋ ਵਿੱਚ ਇੱਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਬਾਰੇ ਟੋਰਾਂਟੋ ਪੁਲਿਸ ਨੇ ਸ਼ਨੀਵਾਰ ਸ਼ਾਮ ਨੂੰ ਵੀਡੀਓ ਫੁਟੇਜ ਸਮੇਤ ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ ਸੰਪਰਕ ਕਰਨ ਦੀ ਅਪੀਲ ਕੀਤੀ ਹੈ।
ਇਹ ਘਟਨਾ ਮੈਕਨਿਕਾਲ ਏਵੇਨਿਊ ਅਤੇ ਫਿੰਚ ਏਵੇਨਿਊ ਈਸਟ ਵਿੱਚਕਾਰ ਬਰਿਮਲੀ ਰੋਡ ਦੇ ਪੂਰਵ ਵਿੱਚ 20 ਬਰਿਮਵੁਡ ਬੋਲਵਰਡ ਵਿੱਚ ਇੱਕ ਘਰ ਦੇ ਕੰਪਲੈਕਸ ਵਿੱਚ ਹੋਈ। ਘਟਨਾ ਸਥਾਨ ਤੋਂ ਫੁਟੇਜ ਵਿੱਚ ਇੱਕ ਪਾਰਕਿੰਗ ਗੈਰੇਜ ਨੂੰ ਪੁਲਿਸ ਨੇ ਟੇਪ ਨਾਲ ਘੇਰਿਆ ਹੋਇਆ ਅਤੇ ਕਈ ਅਧਿਕਾਰੀ ਜਾਂਚ ਕਰਦੇ ਹੋਏ ਵਿਖਾਈ ਦੇ ਰਹੇ ਹਨ।
ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਚਾਕੂ ਨਾਲ ਹਮਲੇ ਦੀ ਰਿਪੋਰਟ ਲਈ ਸ਼ਾਮ 6:45 ਵਜੇ ਉਸ ਪਤੇ `ਤੇ ਬੁਲਾਇਆ ਗਿਆ ਸੀ। ਪੈਰਾਮੇਡਿਕਸ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਸਥਾਨ `ਤੇ ਇੱਕ ਵਿਅਕਤੀ ਦਾ ਇਲਾਜ ਕੀਤਾ, ਪਰ ਕਿਸੇ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ। ਉਨ੍ਹਾਂ ਕੋਲ ਮਰੀਜ਼ ਦੀ ਉਮਰ ਜਾਂ ਲਿੰਗ ਬਾਰੇ ਕੋਈ ਜਾਣਕਾਰੀ ਉਪਲੱਬਧ ਨਹੀਂ ਸੀ।
ਘਟਨਾ ਸਥਾਨ ਉੱਤੇ ਮੀਡਿਆ ਵਲੋਂ ਗੱਲ ਕਰਦੇ ਹੋਏ ਡਿਊਟੀ ਇੰਸਪੈਕਟਰ ਜੇਫ ਬੈਸਿੰਗਥਵੇਟ ਨੇ ਕਿਹਾ ਕਿ ਐਮਰਜੈਂਸੀ ਦਲ ਪਹੁੰਚੇ ਅਤੇ ਮੱਦਦ ਲਈ ਯਤਨ ਸ਼ੁਰੂ ਕੀਤੇ ਪਰ ਪੀੜਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਟੋਰਾਂਟੋ ਪੁਲਿਸ ਸਰਵਿਸ ਨੇ ਐਕਸ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੀੜਤ ਦੀ ਪਹਿਚਾਣ ਨਹੀਂ ਕੀਤੀ ਜਾ ਸਕੀ ਕਿਉਂਕਿ ਪੁਲਿਸ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਦਾ ਕੰਮ ਕਰ ਰਹੀ ਹੈ।