ਟੋਰਾਂਟੋ, 30 ਅਗਸਤ (ਪੋਸਟ ਬਿਊਰੋ): ਪਿਛਲੇ ਹਫ਼ਤੇ ਟੀਟੀਸੀ ਸਬਵੇ ਸਟੇਸ਼ਨ `ਤੇ ਲੁੱਟ ਕਰਨ ਤੋਂ ਪਹਿਲਾਂ ਇੱਕ ਵਿਅਕਤੀ ਉੱਤੇ ਹਮਲਾ ਕਰਨ ਅਤੇ ਉਸ `ਤੇ ਕੋਈ ਪਦਾਰਥ ਛਿੜਕਨ ਤੋਂ ਬਾਅਦ 17 ਸਾਲਾ ਇੱਕ ਲੜਕਾ ਅਤੇ ਇੱਕ 20 ਸਾਲਾ ਲੜਕੇ ਦੀ ਭਾਲ ਕੀਤੀ ਜਾ ਰਹੀ ਹੈ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ 19 ਅਗਸਤ ਨੂੰ ਦੁਪਹਿਰ 2:30 ਵਜੇ ਬਾਥਰਸਟ ਸਟੇਸ਼ਨ `ਤੇ ਲੁੱਟ ਦੀ ਸੂਚਨਾ ਮਿਲੀ ਸੀ। ਦੋ ਵਿਅਕਤੀਆਂ ਨੇ ਸਬਵੇ ਸਟੇਸ਼ਨ `ਤੇ ਇੱਕ ਵਿਅਕਤੀ ਨਾਲ ਸੰਪਰਕ ਕੀਤਾ ਅਤੇ ਉਸ `ਤੇ ਹਮਲਾ ਕੀਤਾ। ਪੁਲਿਸ ਨੇ ਕਿਹਾ ਕਿ ਪੀੜਤ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਹਮਲਾ ਜਾਰੀ ਰੱਖਿਆ।
ਪੁਲਿਸ ਨੇ ਦੱਸਿਆ ਕਿ ਇਸਦੇ ਬਾਅਦ ਮੁਲਜ਼ਮਾਂ ਨੇ ਪੀੜਤ ਦੇ ਚਿਹਰੇ `ਤੇ ਕੋਈ ਨਸ਼ੀਲਾ ਪਦਾਰਥ ਛਿੜਕ ਦਿੱਤਾ। ਇਸਤੋਂ ਬਾਅਦ ਮੁਲਜ਼ਮਾਂ ਨੇ ਪੀੜਤ ਦਾ ਫੋਨ ਖੋਹ ਲਿਆ ਅਤੇ ਮੌਕੇ ਤੋਂ ਭੱਜ ਗਏ। ਵੀਰਵਾਰ ਨੂੰ ਪੁਲਿਸ ਨੇ ਕਿਹਾ ਕਿ ਹਥਿਆਰ ਨਾਲ ਲੁੱਟ ਲਈ 17 ਸਾਲਾ ਇੱਕ ਲੜਕੇ ਦੀ ਭਾਲ ਹੈ।
ਜਾਂਚਕਰਤਾਵਾਂ ਨੇ ਦੂਜੇ ਸ਼ੱਕੀ ਵਿਅਕਤੀ ਦੀ ਤਸਵੀਰ ਵੀ ਜਾਰੀ ਕੀਤੀ ਹੈ, ਜਿਸਦੀ ਉਮਰ ਕਰੀਬ 20 ਸਾਲ, ਪੰਜ ਫੁੱਟ ਦਸ ਇੰਚ ਅਤੇ ਪਤਲਾ ਸਰੀਰ ਹੈ। ਉਸਨੂੰ ਆਖਰੀ ਵਾਰ ਕਾਲੇ ਰੰਗ ਦੀ “ਆਰਕ’ਟੇਰਿਕਸ” ਹੁਡ ਵਾਲੀ ਜੈਕੇਟ, ਗੂੜੇ ਰੰਗ ਦਾ ਟੋਕ, ਗੂੜੇ ਰੰਗ ਦੀ ਪੋਲੋ ਸ਼ਰਟ, ਕਾਲੀ ਪੈਂਟ, ਕਾਲੇ/ਸਫੇਦ ਜੁੱਤੇ ਅਤੇ ਕਰਾਸਬਾਡੀ ਬੈਗ ਪਹਿਨੇ ਵੇਖਿਆ ਗਿਆ ਸੀ।