ਚੇਨੱਈ, 5 ਦਸੰਬਰ (ਪੋਸਟ ਬਿਊਰੋ): ਚੱਕਰਵਾਤੀ ਤੂਫਾਨ 'ਮਿਚੌਂਗ' ਆਂਧਰਾ ਪ੍ਰਦੇਸ਼ ਤੋਂ ਲੈ ਕੇ ਤਾਮਿਲਨਾਡੂ ਤੱਕ ਤਬਾਹੀ ਮਚਾ ਰਿਹਾ ਹੈ। 1 ਦਸੰਬਰ ਨੂੰ ਬੰਗਾਲ ਦੀ ਖਾੜੀ ਤੋਂ ਉੱਠੇ ਚੱਕਰਵਾਤੀ ਤੂਫਾਨ ਮਿਚੌਂਗ ਕਾਰਨ ਚੇਨੱਈ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। ਚੇਨੱਈ ਵਿਚ ਸੋਮਵਾਰ ਤੋਂ ਭਾਰੀ ਬਾਰਿਸ਼ ਜਾਰੀ ਹੈ, ਜਿਸ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਮਿਚੌਂਗ ਕਾਰਨ ਹੈਦਰਾਬਾਦ ਤੋਂ ਦੇਸ਼ ਦੇ ਦੱਖਣੀ ਹਿੱਸਿਆਂ ਨੂੰ ਜਾਣ ਵਾਲੀਆਂ ਰੇਲਗੱਡੀਆਂ ਅਤੇ ਉਡਾਨਾਂ ਦੋਨਾਂ ਵਿਚ ਯਾਤਰੀਆਂ ਦੀ ਆਵਾਜਾਈ ਵਿੱਚ ਵਿਘਨ ਪਿਆ। ਖ਼ਰਾਬ ਮੌਸਮ ਕਾਰਨ ਕਈ ਰੇਲ ਗੱਡੀਆਂ ਅਤੇ ਉਡਾਨਾਂ ਰੱਦ ਹੋਣ ਤੋਂ ਬਾਅਦ ਸੋਮਵਾਰ ਨੂੰ ਹੈਦਰਾਬਾਦ ਹਵਾਈ ਅੱਡੇ ਅਤੇ ਪੂਰੇ ਸ਼ਹਿਰ ਦੇ ਰੇਲਵੇ ਸਟੇਸ਼ਨਾਂ 'ਤੇ ਸੈਂਕੜੇ ਯਾਤਰੀ ਘੰਟਿਆਂ ਤੱਕ ਫਸੇ ਰਹੇ।
ਹੈਦਰਾਬਾਦ-ਤੰਬਰਮ ਚਾਰਮੀਨਾਰ ਐਕਸਪ੍ਰੈਸ, ਲਿੰਗਮਪੱਲੀ-ਤਿਰੁਪਤੀ ਨਰਾਇਣਦਰੀ ਐਕਸਪ੍ਰੈਸ, ਸਿਕੰਦਰਾਬਾਦ-ਗੁਦੂਰ ਸਿੰਹਾਪੁਰੀ ਐਕਸਪ੍ਰੈਸ ਅਤੇ ਸਿਕੰਦਰਾਬਾਦ-ਤ੍ਰਿਵੇਂਦਰਮ ਸਾਬਰੀ ਐਕਸਪ੍ਰੈਸ ਵਰਗੀਆਂ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹੈਦਰਾਬਾਦ ਤੋਂ ਚੇਨੱਈ, ਰਾਜਮੁੰਦਰੀ, ਭੁਵਨੇਸ਼ਵਰ ਅਤੇ ਤਿਰੂਪਤੀ ਵਰਗੇ ਸ਼ਹਿਰਾਂ ਲਈ ਘਰੇਲੂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ ਕੁਝ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਇਸ ਕਾਰਨ ਸੈਂਕੜੇ ਹਵਾਈ ਯਾਤਰੀਆਂ ਨੂੰ ਆਪਣੀਆਂ ਉਡਾਨਾਂ ਫੜ੍ਹਨ ਲਈ ਹਵਾਈ ਅੱਡੇ 'ਤੇ ਘੰਟਿਆਂ ਬੱਧੀ ਉਡੀਕ ਕਰਨੀ ਪਈ। ਇੱਕ ਯੂਜ਼ਰ ਨੇ ਲਿਖਿਆ ਕਿ ਇੰਡੀਗੋ ਦੀ ਫਲਾਈਟ ਜੋ ਹੈਦਰਾਬਾਦ ਤੋਂ ਮੁੰਬਈ ਲਈ ਰਵਾਨਾ ਹੋਣੀ ਸੀ, ਲੇਟ ਹੋ ਗਈ ਹੈ। ਯਾਤਰੀ ਦੁਪਹਿਰ 12:30 ਵਜੇ ਤੋਂ ਏਅਰਪੋਰਟ 'ਤੇ ਫਸੇ ਹੋਏ ਹਨ। ਏਅਰਲਾਈਨ ਵਲੋਂ ਕੋਈ ਰਿਫਰੈਸ਼ਮੈਂਟ, ਰਿਹਾਇਸ਼ ਮੁਹੱਈਆ ਨਹੀਂ ਕਰਵਾਈ ਗਈ। ਬੋਰਡਿੰਗ ਵਿਚ ਵੀ ਦੇਰੀ ਹੋਈ।