ਨਵੀਂ ਦਿੱਲੀ, 5 ਦਸੰਬਰ (ਪੋਸਟ ਬਿਊਰੋ): ਇੱਕ ਭਾਰਤੀ ਲੜਕਾ ਅਤੇ ਇੱਕ ਪਾਕਿਸਤਾਨੀ ਲੜਕੀ ਭਾਰਤ ਵਿੱਚ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਪਿਛਲੇ ਪੰਜ ਸਾਲਾਂ ਤੋਂ ਆਪਣੇ ਭਾਰਤੀ ਮੰਗੇਤਰ ਨਾਲ ਵਿਆਹ ਦੀ ਉਡੀਕ ਕਰ ਰਹੀ ਕਰਾਚੀ ਦੀ ਰਹਿਣ ਵਾਲੀ ਜਵੇਰੀਆ ਅੱਜ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਵਾਹਗਾ ਬਾਰਡਰ ਰਾਹੀਂ ਭਾਰਤ ਪਹੁੰਚੀ। ਉਸ ਦੇ ਮੰਗੇਤਰ ਸਮੀਰ ਖਾਨ ਨੇ ਵਾਹਗਾ ਬਾਰਡਰ ਨੇੜੇ ਉਸ ਦਾ ਸਵਾਗਤ ਕੀਤਾ ਅਤੇ ਉਸ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਭਾਰਤ ਦੀ ਧਰਤੀ 'ਤੇ ਪੈਰ ਰੱਖਦਿਆਂ ਹੀ ਉਸ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਉਸ ਦਾ ਸੁਪਨਾ ਪੂਰਾ ਹੋਣ ਵਾਲਾ ਹੈ।
ਜਵੇਰੀਆ ਖਾਨਮ ਨੇ ਭਾਰਤ ਸਰਕਾਰ ਅਤੇ ਮੀਡੀਆ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਉਹ ਅੱਜ ਭਾਰਤ ਪਹੁੰਚੀ ਹੈ। ਇਸ ਦੇ ਨਾਲ ਹੀ ਕਲਕਤਾ ਦੇ ਵਸਨੀਕ ਸਮੀਰ ਨੇ ਭਾਰਤੀ ਪੱਤਰਕਾਰ ਮਕਬੂਲ ਅਹਿਮਦ ਵਾਸੀ ਕਾਦੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਹੀ ਅੱਜ ਉਨ੍ਹਾਂ ਦਾ ਇਹ ਸੁਪਨਾ ਪੂਰਾ ਹੋ ਰਿਹਾ ਹੈ। ਜਵੇਰੀਆ ਨੇ ਦੱਸਿਆ ਕਿ ਪੰਜ ਸਾਲ ਬਾਅਦ ਉਨ੍ਹਾਂ ਦਾ ਪਿਆਰ ਪ੍ਰਵਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਵੀਜ਼ਾ ਦੋ ਵਾਰ ਰੱਦ ਕੀਤਾ ਗਿਆ ਸੀ। ਅੱਜ ਮੈਂ ਬਹੁਤ ਖੁਸ਼ ਹਾਂ। ਜਦੋਂ ਮੈਂ ਆਪਣੇ ਪਰਿਵਾਰ ਨਾਲ ਇੱਥੋਂ ਚੱਲੀ ਤਾਂ ਪਰਿਵਾਰ ਵਿਚ ਖੁਸ਼ੀ ਵੀ ਅਤੇ ਮਾਯੂਸੀ ਵੀ ਮਹਿਸੂਸ ਹੋ ਰਹੀ ਸੀ।