ਇੰਫਾਲ, 4 ਦਸੰਬਰ (ਪੋਸਟ ਬਿਊਰੋ): ਮਨੀਪੁਰ ਵਿਚ ਸੋਮਵਾਰ ਸਵੇਰੇ 10:30 ਵਜੇ ਦੋ ਗੁੱਟਾਂ ਵਿਚਾਲੇ ਹੋਈ ਗੋਲੀਬਾਰੀ ਵਿਚ 13 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਮਿਆਂਮਾਰ ਦੀ ਸਰਹੱਦ ਨਾਲ ਲੱਗਦੇ ਕੁਕੀ ਪ੍ਰਭਾਵ ਵਾਲੇ ਇਲਾਕੇ ਤੇਂਗਨੋਪਾਲ ਜਿ਼ਲ੍ਹੇ ਦੇ ਲੀਥੂ ਪਿੰਡ ਵਿੱਚ ਵਾਪਰੀ।
ਅਸਾਮ ਰਾਈਫਲਜ਼ ਮੁਤਾਬਕ ਮਿਆਂਮਾਰ ਜਾ ਰਹੇ ਅੱਤਵਾਦੀਆਂ 'ਤੇ ਇਲਾਕੇ ਦੇ ਇਕ ਬਾਗੀ ਸਮੂਹ ਨੇ ਇਹ ਹਮਲਾ ਕੀਤਾ ਹੈ। ਮਾਰੇ ਗਏ ਲੋਕਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ।
3 ਦਸੰਬਰ ਨੂੰ, ਮਣੀਪੁਰ ਸਰਕਾਰ ਨੇ ਕੁਝ ਖੇਤਰਾਂ ਨੂੰ ਛੱਡ ਕੇ ਰਾਜ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ 18 ਦਸੰਬਰ ਤੱਕ ਬਹਾਲ ਕਰ ਦਿੱਤਾ ਸੀ। ਇਸ ਤੋਂ ਬਾਅਦ ਗੋਲੀਬਾਰੀ ਦੀ ਇਹ ਪਹਿਲੀ ਘਟਨਾ ਹੈ।
ਰਾਖਵੇਂਕਰਨ ਨੂੰ ਲੈ ਕੇ ਕੂਕੀ ਅਤੇ ਮੇਤੀ ਸਮੂਹਾਂ ਵਿਚਾਲੇ 3 ਮਈ ਤੋਂ ਸੂਬੇ 'ਚ ਹਿੰਸਾ ਚੱਲ ਰਹੀ ਹੈ। ਹਿੰਸਕ ਘਟਨਾਵਾਂ 'ਚ ਹੁਣ ਤੱਕ 200 ਲੋਕ ਮਾਰੇ ਜਾ ਚੁੱਕੇ ਹਨ। 50 ਹਜ਼ਾਰ ਲੋਕ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ।