ਮਹਾਸਮੁੰਦ, 15 ਮਾਰਚ (ਪੋਸਟ ਬਿਊਰੋ): ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲੇ ਦੇ ਕੁੰਜ ਬਿਹਾਰੀ ਗੜ੍ਹਫੁਝਾਰ ਬਸਨਾ ਦੇ ਇੱਟਾਂ ਦੇ ਭੱਠੇ 'ਚ ਵੱਡਾ ਹਾਦਸਾ ਹੋ ਗਿਆ ਹੈ। ਇੱਥੇ ਇੱਟਾਂ ਦੇ ਭੱਠੇ ’ਤੇ ਸੁੱਤੇ ਪਏ ਪੰਜ ਮਜ਼ਦੂਰਾਂ ਦੀ ਧੂੰਏਂ 'ਚ ਦਮ ਘੁੱਟਣ ਕਾਰਨ ਮੌਤ ਹੋ ਗਈ ਹੈ ਜਦਕਿ ਇਕ ਮਜ਼ਦੂਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸਾਰੇ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਏਐਸਪੀ ਆਕਾਸ਼ ਰਾਉ ਗਿਰੀਪੁੰਜੇ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।
ਜ਼ਖਮੀ ਮਜ਼ਦੂਰ ਦਾ ਇਲਾਜ ਬਸਨਾ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਮਜ਼ਦੂਰਾਂ ਨੇ ਇੱਟਾਂ ਦਾ ਭੱਠਾ ਠੇਕੇ ’ਤੇ ਲਿਆ ਹੋਇਆ ਸੀ। ਇੱਟਾਂ ਨੂੰ ਪਕਾਉਣ ਲਈ ਅੱਗ ਲਾ ਕੇ ਮਜ਼ਦੂਰ ਇੱਟਾਂ ਦੇ ਉਪਰ ਹੀ ਸੌਂ ਗਏ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਟਾਂ ਦਾ ਭੱਠਾ ਨਾਜਾਇਜ਼ ਤੌਰ 'ਤੇ ਚੱਲ ਰਿਹਾ ਸੀ। ਬਸਨਾ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਾਂਚ 'ਚ ਜੁਟੀ ਹੈ।