ਇਸਲਾਮਾਬਾਦ, 14 ਮਾਰਚ (ਪੋਸਟ ਬਿਊਰੋ): ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਸੰਯੁਕਤ ਰਾਸ਼ਟਰ ਵਿੱਚ ‘ਇਸਲਾਮ ਵਿੱਚ ਔਰਤਾਂ’ ਬਾਰੇ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਗਏ ਸਨ। ਉੱਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਭਾਰਤ ਲਈ ਦੋਸਤ ਸ਼ਬਦ ਦੀ ਵਰਤੋਂ ਕੀਤੀ ਸੀ ਪਰ ਤੁਰੰਤ ਹੀ ਆਪਣੇ ਸ਼ਬਦਾਂ ਨੂੰ ਬਦਲਦੇ ਹੋਏ ਉਨ੍ਹਾਂ ਨੇ ਭਾਰਤ ਲਈ ਗੁਆਂਢੀ ਸ਼ਬਦ ਦੀ ਵਰਤੋਂ ਕੀਤੀ।
ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਇਹ ਚੌਥੀ ਵਾਰ ਹੈ ਜਦੋਂ ਬਿਲਾਵਲ ਭੁੱਟੋ ਅਮਰੀਕਾ ਗਏ ਹਨ। ਪਾਕਿਸਤਾਨ ਦੇ ਸਾਬਕਾ ਡਿਪਲੋਮੈਟ ਅਬਦੁਲ ਬਾਸਿਤ ਨੇ ਬਿਲਾਵਲ ਅਤੇ ਸ਼ਾਹਬਾਜ਼ ਸਰਕਾਰ ਦੇ ਇਸ ਕੂਟਨੀਤਕ ਕਦਮ ਦੀ ਸਖ਼ਤ ਆਲੋਚਨਾ ਕੀਤੀ ਹੈ।
ਸ਼ਾਹਬਾਜ਼ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਬਾਸਿਤ ਨੇ ਕਿਹਾ ਕਿ ਪਤਾ ਨਹੀਂ ਸਾਡੇ ਵਿਦੇਸ਼ ਮੰਤਰੀ ਨੂੰ ਅਮਰੀਕਾ ਨਾਲ ਇੰਨਾ ਪਿਆਰ ਕਿਉਂ ਹੈ ਕਿ ਜਦੋਂ ਤੋਂ ਉਹ ਵਿਦੇਸ਼ ਮੰਤਰੀ ਬਣੇ ਹਨ, ਚੌਥੀ ਵਾਰ ਅਮਰੀਕਾ ਗਏ ਹਨ। ਮੈਂ ਨਹੀਂ ਦੇਖ ਸਕਦਾ ਕਿ ਇਸ ਦਾ ਮਕਸਦ ਕੀ ਸੀ?
ਪਾਕਿਸਤਾਨ ਦੇ ਸਾਬਕਾ ਡਿਪਲੋਮੈਟ ਨੇ ਕਿਹਾ ਕਿ ਮੰਨ ਲਉ ਕਿ ਬਿਲਾਵਲ ਭੁੱਟੋ ਨੇ ਜ਼ੁਬਾਨ ਫਿਸਲਣ ਕਾਰਨ ਭਾਰਤ ਨੂੰ ਦੋਸਤ ਕਿਹਾ ਸੀ। ਕਈ ਵਾਰ ਇਹ ਗਲਤੀ ਹੋ ਜਾਂਦੀ ਹੈ। ਪਰ ਅਹਿਮ ਸਵਾਲ ਇਹ ਹੈ ਕਿ ਸਾਡੇ ਵਿਦੇਸ਼ ਮੰਤਰੀ ਅਮਰੀਕਾ ਕਿਉਂ ਗਏ? ਵਿਦੇਸ਼ ਮੰਤਰੀ ਦੇ ਇਨ੍ਹਾਂ ਚਾਰ ਦੌਰਿਆਂ ਤੋਂ ਪਾਕਿਸਤਾਨ ਨੂੰ ਕੀ ਮਿਿਲਆ? ਜੇਕਰ ਪਿਛਲੇ ਇੱਕ ਸਾਲ ਵਿੱਚ ਸਾਡੀ ਕੂਟਨੀਤੀ ਇੰਨੀ ਮਜ਼ਬੂਤ ਸੀ ਤਾਂ ਇਹ ਨਜ਼ਰ ਆਉਣੀ ਚਾਹੀਦੀ ਸੀ। ਆਈਐਮਐਫ ਅਤੇ ਪਾਕਿਸਤਾਨ ਵਿਚਾਲੇ ਸਟਾਫ ਪੱਧਰ ਦਾ ਸਮਝੌਤਾ ਨਹੀਂ ਹੋ ਰਿਹਾ ਹੈ। 1.1 ਬਿਲੀਅਨ ਜਾਂ 1.2 ਬਿਲੀਅਨ ਡਾਲਰ ਲਈ, ਅਸੀਂ ਭਿਖਾਰੀ ਬਣ ਗਏ ਹਾਂ।
ਅਮਰੀਕਾ ਨਾਲ ਸਾਡਾ ਕੀ ਰਿਸ਼ਤਾ ਹੈ? ਅੱਤਵਾਦ ਅਤੇ ਅਫਗਾਨਿਸਤਾਨ ਤੋਂ ਇਲਾਵਾ ਸਾਨੂੰ ਅਜਿਹਾ ਕੁਝ ਵੀ ਨਜ਼ਰ ਨਹੀਂ ਆਉਂਦਾ ਕਿ ਅਮਰੀਕਾ ਸੱਚਮੁੱਚ ਸਾਡੀ ਮਦਦ ਕਰ ਰਿਹਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅਜਿਹੇ ਸਮਾਗਮਾਂ ਵਿੱਚ ਸ਼ਿਰਕਤ ਕਰਨੀ ਹੁੰਦੀ ਤਾਂ ਰਾਜ ਮੰਤਰੀ ਹਿਨਾ ਰੱਬਾਨੀ ਖਾਰ ਜਾਂ ਕਿਸੇ ਹੋਰ ਹੇਠਲੇ ਦਰਜੇ ਦੇ ਮੰਤਰੀ ਨੂੰ ਭੇਜਣਾ ਬਿਹਤਰ ਹੁੰਦਾ।