ਮਾਸਕੋ, 13 ਮਾਰਚ (ਪੋਸਟ ਬਿਊਰੋ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਸਾਲ ਭਾਰਤ ਦਾ ਦੌਰਾ ਕਰ ਸਕਦੇ ਹਨ। ਰਾਸ਼ਟਰਪਤੀ ਭਵਨ ਕ੍ਰੇਮਲਿਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਨਵੀਂ ਦਿੱਲੀ ਵਿੱਚ 9-10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਵਿੱਚ ਰੂਸੀ ਰਾਸ਼ਟਰਪਤੀ ਪੁਤਿਨ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕਰ ਰਿਹਾ ਹੈ। ਪੁਤਿਨ ਲਗਾਤਾਰ ਦੋ ਸਾਲਾਂ ਤੋਂ ਜੀ-20 ਸੰਮੇਲਨ 'ਚ ਹਿੱਸਾ ਨਹੀਂ ਲੈ ਰਹੇ ਹਨ ਪਰ ਹੁਣ ਉਹ ਭਾਰਤ 'ਚ ਹੋਣ ਵਾਲੇ ਸੰਮੇਲਨ 'ਚ ਹਿੱਸਾ ਲੈ ਸਕਦੇ ਹਨ।
ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੂੰ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਕੀ ਪੁਤਿਨ ਭਾਰਤ ਵਿੱਚ ਹੋਣ ਵਾਲੇ ਜੀ-20 ਵਿੱਚ ਹਿੱਸਾ ਲੈਣਗੇ? ਇਸ ਦੇ ਜਵਾਬ 'ਚ ਉਨ੍ਹਾਂ ਕਿਹਾ, 'ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰੂਸ ਜੀ-20 ਫਰੇਮਵਰਕ ਵਿੱਚ ਪੂਰੀ ਤਰ੍ਹਾਂ ਹਿੱਸਾ ਲੈਣਾ ਜਾਰੀ ਰੱਖਦਾ ਹੈ। ਰੂਸ ਦਾ ਅੱਗੇ ਵੀ ਇਹੀ ਇਰਾਦਾ ਹੈ। ਪਰ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਰੂਸ ਦੇ ਵਲਾਦੀਵੋਸਤੋਕ ਵਿੱਚ ਹਰ ਸਾਲ ਹੋਣ ਵਾਲੇ ਪੂਰਬੀ ਆਰਥਿਕ ਫੋਰਮ ਦੀ ਤਰੀਕ ਵਧਾ ਦਿੱਤੀ ਗਈ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਪੁਤਿਨ ਜੀ-20 ਵਿੱਚ ਹਿੱਸਾ ਲੈ ਸਕਦੇ ਹਨ। ਯੂਕੇ ਦੇ ਅਖਬਾਰ, ਦਿ ਇੰਡੀਪੈਂਡੈਂਟ ਦੀ ਇੱਕ ਰਿਪੋਰਟ ਦੇ ਅਨੁਸਾਰ, ਪੁਤਿਨ ਦੇ ਸਲਾਹਕਾਰ ਅਤੇ ਈਈਐਫ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਸਕੱਤਰ ਐਂਟਨ ਕੋਬਯਾਕੋਵ ਨੇ ਇੱਕ ਬਿਆਨ ਜਾਰੀ ਕਰਕੇ ਈਈਐਫ ਦੀਆਂ ਤਰੀਕਾਂ ਵਿੱਚ ਤਬਦੀਲੀ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਕਿਹਾ ਹੈ ਕਿ ਈਈਐਫ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ 12 ਤੋਂ 15 ਸਤੰਬਰ ਦਰਮਿਆਨ ਹੋਵੇਗੀ। ਉਨ੍ਹਾਂ ਕਿਹਾ, 'ਪੂਰਬੀ ਆਰਥਿਕ ਫੋਰਮ ਦੀਆਂ ਤਰੀਕਾਂ ਬਦਲਣ ਦਾ ਫੈਸਲਾ ਅੰਤਰਰਾਸ਼ਟਰੀ ਸਮਾਗਮਾਂ ਨਾਲ ਜੁੜਿਆ ਹੋਇਆ ਹੈ। ਅਸੀਂ ਵਿਦੇਸ਼ੀ ਨੇਤਾਵਾਂ ਅਤੇ ਉੱਚ-ਪੱਧਰੀ ਮਹਿਮਾਨਾਂ ਦੀ ਸ਼ਮੂਲੀਅਤ ਦੀ ਉਮੀਦ ਕਰ ਰਹੇ ਹਾਂ। ਆਰਥਿਕ ਫੋਰਮ ਦੀਆਂ ਤਰੀਕਾਂ ਵਿੱਚ ਬਦਲਾਅ ਨਾਲ ਭਾਰਤ ਅਤੇ ਚੀਨ ਦੇ ਸੀਨੀਅਰ ਅਧਿਕਾਰੀਆਂ ਦੇ ਵੀ ਫੋਰਮ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਵਧ ਜਾਵੇਗੀ।