ਸ੍ਰੀਨਗਰ, 12 ਜਨਵਰੀ (ਪੋਸਟ ਬਿਊਰੋ)- ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ਵਿੱਚ ਕੱਲ੍ਹ ਜੰਮੂ-ਕਸ਼ਮੀਰ ਹਾਈਵੇ 'ਤੇ ਮੀਰਬਾਜ਼ਾਰ 'ਚ ਪੁਲਸ ਨੇ ਬਹਾਦਰੀ ਪੁਰਸਕਾਰ ਜਿੱਤ ਚੁੱਕੇ ਇੱਕ ਡਿਪਟੀ ਸੁਪਰਡੈਂਟ ਆਫ ਪੁਲਸ (ਡੀ ਐੱਸ ਪੀ) ਨੂੰ ਹਿਰਾਸਤ ਵਿੱਚ ਲੈ ਕੇ ਉਸ ਨਾਲ ਕਾਰ ਵਿੱਚ ਸਵਾਰ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ। ਕਾਰ 'ਚੋਂ ਪੰਜ ਗ੍ਰਨੇਡ ਵੀ ਮਿਲੇ ਹਨ। ਫੜੇ ਗਏ ਅੱਤਵਾਦੀਆਂ 'ਚ 10 ਲੱਖ ਦਾ ਇਨਾਮੀ ਹਿਜ਼ਬੁਲ ਦਾ ਆਪ੍ਰੇਸ਼ਨਲ ਡਵੀਜ਼ਨਲ ਕਮਾਂਡਰ ਨਵੀਦ ਮੁਸ਼ਤਾਕ ਉਰਫ ਨਵੀਦ ਬਾਬੂ ਤੇ ਉਸ ਦਾ ਬਾਡੀਗਾਰਡ ਆਸਿਫ ਵੀ ਸ਼ਾਮਲ ਹੈ। ਤੀਜਾ ਅੱਤਵਾਦੀ ਲਸ਼ਕਰ ਦਾ ਆਰਿਫ ਦੱਸਿਆ ਜਾ ਰਿਹਾ ਹੈ ਤੇ ਉਹ ਗੱਡੀ ਚਲਾ ਰਿਹਾ ਸੀ। ਪੁਲਸ ਅਧਿਕਾਰੀ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਜਦੋਂ ਉਸ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉਥੋਂ ਤਿੰਨ ਗ੍ਰਨੇਡ, ਇੱਕ ਪਿਸਤੌਲ ਤੇ ਇੱਕ ਅਸਾਲਟ ਰਾਈਫਲ ਮਿਲੀ ਹੈ। ਫਿਲਹਾਲ ਇਨ੍ਹਾਂ ਚਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਤਾ ਲੱਗਾਹ ਹੈ ਕਿ ਡੀ ਐੱਸ ਪੀ ਦਾ ਨਾਂਅ ਦੇਵੇਂਦਰ ਸਿੰਘ ਹੈ ਤੇ ਉਹ ਐਂਟੀ ਹਾਈਜੈਕਿੰਗ ਵਿੰਗ ਵਿੱਚ ਤੈਨਾਤ ਹੈ। ਸੂਤਰਾਂ ਮੁਤਾਬਕ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਅਧਿਕਾਰੀ ਅੱਤਵਾਦੀਆਂ ਲਈ ਕੰਮ ਕਰਦਾ ਸੀ ਜਾਂ ਉਹ ਉਨ੍ਹਾਂ ਦਾ ਸਰੰਡਰ ਕਰਵਾ ਰਿਹਾ ਸੀ, ਕਿਉਂਕਿ ਉਹ ਪਹਿਲਾਂ ਵੀ ਕਈ ਚੋਟੀ ਦੇ ਅੱਤਵਾਦੀਆਂ ਦਾ ਚੁੱਪਚਾਪ ਸਰੰਡਰ ਕਰਵਾ ਚੁੱਕਾ ਹੈ। ਇਹ ਅਧਿਕਾਰੀ ਕਸ਼ਮੀਰ 'ਚ ਅੱਤਵਾਦ ਦੇ ਸਫਾਏ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੂਬਾਈ ਪੁਲਸ ਵਿਸ਼ੇਸ਼ ਅਪਰੇਸ਼ਨ ਗਰੁੱਪ (ਐੱਸ ਓ ਜੀ) ਦੇ ਸ਼ੁਰੂ ਦੇ ਅਧਿਕਾਰੀਆਂ 'ਚੋਂ ਇੱਕ ਹੈ। ਉਸ ਨੇ ਕਈ ਚੋਟੀ ਦੇ ਅੱਤਵਾਦੀਆਂ ਨੂੰ ਮਾਰਨ ਵਿੱਚ ਵੌ ਅਹਿਮ ਭੂਮਿਕਾ ਨਿਭਾਈ ਹੈ। ਸਾਲ 2017 ਵਿੱਚ ਉਸ ਨੂੰ ਬਹਾਦਰੀ ਪੁਰਸਕਾਰ ਮਿਲਿਆ ਹੈ।
ਦੱਖਣੀ ਕਸ਼ਮੀਰ 'ਚ ਤੈਨਾਤ ਇੱਕ ਪੁਲਸ ਅਧਿਕਾਰੀ ਨੂੰ ਆਪਣੇ ਤੰਤਰ ਤੋਂ ਪਤਾ ਲੱਗਾ ਸੀ ਕਿ ਪੁਲਸ ਵਿਭਾਗ ਦਾ ਕੋਈ ਅਧਿਕਾਰੀ ਦੱਖਣੀ ਕਸ਼ਮੀਰ 'ਚ ਅੱਤਵਾਦੀਆਂ ਦੇ ਲਗਾਤਾਰ ਸੰਪਰਕ ਵਿੱਚ ਹੈ। ਉਹ ਇਨ੍ਹਾਂ ਅੱਤਵਾਦੀਆਂ ਨੂੰ ਦੱਖਣੀ ਕਸ਼ਮੀਰ 'ਚ ਕਿਸੇ ਥਾਂ ਲਿਜਾਣ ਵਾਲਾ ਹੈ। ਅੱਤਵਾਦੀਆਂ ਨਾਲ ਪੁਲਸ ਅਧਿਕਾਰੀ ਨੂੰ ਰੰਗੇ ਹੱਥੀਂ ਫੜਨ ਦੀ ਕੋਸਿ਼ਸ਼ ਵਿੱਚ ਡੀ ਐੱਸ ਪੀ ਕੱਲ੍ਹ ਜਦੋਂ ਅੱਤਵਾਦੀਆਂ ਨੂੰ ਲੈ ਕੇ ਇੱਕ ਕਾਰ 'ਚ ਕੁਲਗਾਮ 'ਚ ਹਾਈਵੇ 'ਤੇ ਲੰਘਣ ਲੱਗਾ ਤਾਂ ਪੁਲਸ ਪਾਰਟੀ ਨੇ ਮੀਰਬਾਜ਼ਾਰ 'ਚ ਉਨ੍ਹਾਂ ਦੀ ਗੱਡੀ ਰੋਕ ਲਈ। ਅੱਤਵਾਦੀ ਕਮਾਂਡਰ ਨਵੀਦ ਮੁਸ਼ਤਾਕ ਆਪਣੇ ਸਾਥੀਆਂ ਨਾਲ ਫੜਿਆ ਗਿਆ। ਉਨ੍ਹਾਂ ਨਾਲ ਮੌਜੂਦ ਪੁਲਸ ਅਧਿਕਾਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਫਿਰ ਇਨ੍ਹਾਂ ਸਾਰਿਆਂ ਨੂੰ ਅਨੰਤਨਾਗ ਲਿਆਂਦਾ ਗਿਆ। ਨਵੀਦ ਬਾਬੂ 2017 ਵਿੱਚ ਅੱਤਵਾਦੀ ਬਣਿਆ ਸੀ। ਪਿਛਲੇ ਸਾਲ ਟਰੱਕ ਡਰਾਈਵਰਾਂ, ਸੇਬ ਵਪਾਰੀਆਂ ਤੇ ਮਜ਼ਦੂਰਾਂ ਦੀਆਂ 11 ਕਤਲਾਂ ਲਈ ਨਵੀਦ ਹੀ ਜ਼ਿੰਮੇਵਾਰ ਹੈ।