ਅਦ੍ਰੀਅਨ ਕਰਮਾਕਰ ਨੇ ਜੂਨੀਅਰ 50 ਮੀਟਰ 3ਪੀ ਰਾਈਫਲ ਵਿਅਕਤੀਗਤ ਈਵੈਂਟ ਵਿੱਚ ਨਵਾਂ ਏਸ਼ੀਅਨ ਰਿਕਾਰਡ ਬਣਾਇਆ
ਅੰਮ੍ਰਿਤਸਰ, 31 ਅਗਸਤ (ਪੋਸਟ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਰਾਜ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੱਠ ਨਿਸ਼ਾਨੇਬਾਜ਼ਾਂ ਨੇ 16 ਤੋਂ 30 ਅਗਸਤ 2025 ਤੱਕ ਕਜ਼ਾਖਸਤਾਨ ਵਿਖੇ ਹੋ ਰਹੀ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ 2025 ਵਿੱਚ ਭਾਰਤ ਲਈ ਮੈਡਲ ਜਿੱਤ ਕੇ ਲਾਸਾਨੀ ਪ੍ਰਾਪਤੀ ਹਾਸਲ ਕੀਤੀ ਹੈ। ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ਾਂ ਨੇ ਇਤਿਹਾਸ ਰਚਦਿਆਂ ਕਿਸੇ ਵੀ ਇੱਕ ਯੂਨੀਵਰਸਿਟੀ ਵੱਲੋਂ ਸਭ ਤੋਂ ਵੱਧ ਮੈਡਲ ਜਿੱਤਣ ਦਾ ਰਿਕਾਰਡ ਬਣਾਇਆ, ਜਿਸ ਵਿੱਚ 5 ਵਿਅਕਤੀਗਤ ਸੋਨ ਤਗਮੇ, 6 ਟੀਮ ਸੋਨ ਤਗਮੇ, 1 ਮਿਕਸਡ ਟੀਮ ਸੋਨ ਤਗਮਾ, 1 ਟੀਮ ਚਾਂਦੀ ਤਗਮਾ, 1 ਵਿਅਕਤੀਗਤ ਚਾਂਦੀ ਤਗਮਾ ਅਤੇ 1 ਕਾਂਸੀ ਤਗਮਾ ਸ਼ਾਮਲ ਹਨ। ਇਹ ਪ੍ਰਾਪਤੀ ਸੱਚਮੁੱਚ ਹੀ ਆਪਣੇ ਆਪ ਵਿਚ ਮੀਲ ਪੱਥਰ ਹੈ।
ਮੈਡਲ ਜੇਤੂਆਂ ਵਿੱਚ ਨੀਰੂ, ਅਭਿਨਵਸ਼ੌਅ, ਅਦ੍ਰੀਅਨ ਕਰਮਾਕਰ ਅਤੇ ਸਿਫਤ ਕੌਰ ਸਮਰਾ ਨੇ ਟਰੈਪ ਸ਼ੂਟਿੰਗ, 10 ਮੀਟਰ ਰਾਈਫਲ, ਜੂਨੀਅਰ 50 ਮੀਟਰ 3ਪੀ ਰਾਈਫਲ ਅਤੇ 50 ਮੀਟਰ 3ਪੀ ਰਾਈਫਲ ਵਿੱਚ ਵਿਅਕਤੀਗਤ ਅਤੇ ਟੀਮ ਈਵੈਂਟਸ ਵਿੱਚ ਸੋਨ ਤਗਮੇ ਜਿੱਤੇ। ਐਸ਼ਵਰਿਆ ਪ੍ਰਤਾਪ ਤੋਮਰ ਨੇ 50 ਮੀਟਰ 3ਪੀ ਰਾਈਫਲ ਦੇ ਵਿਅਕਤੀਗਤ ਅਤੇ ਟੀਮ ਈਵੈਂਟਸ ਵਿੱਚ ਸੋਨ ਅਤੇ ਚਾਂਦੀ ਤਗਮੇ ਹਾਸਲ ਕੀਤੇ। ਹਰਮੇਹਰ ਸਿੰਘ ਲੱਲੀ ਨੇ ਮਿਕਸਡ ਟੀਮ, ਵਿਅਕਤੀਗਤ ਅਤੇ ਟੀਮ ਈਵੈਂਟਸ ਵਿੱਚ ਸੋਨ, ਚਾਂਦੀ ਅਤੇ ਕਾਂਸੀ ਤਗਮੇ ਜਿੱਤੇ, ਜਦਕਿ ਆਸ਼ੀ ਚੌਕਸੀ ਅਤੇ ਉਮੇਸ਼ ਚੌਧਰੀ ਨੇ 50 ਮੀਟਰ 3ਪੀ ਰਾਈਫਲ ਟੀਮ ਅਤੇ ਜੂਨੀਅਰ ਫਰੀ ਪਿਸਤੌਲ 50 ਮੀਟਰ ਈਵੈਂਟਸ ਵਿੱਚ ਸੋਨ ਤਗਮੇ ਜਿੱਤੇ। ਇਸ ਤੋਂ ਇਲਾਵਾ, ਅਦ੍ਰੀਅਨ ਕਰਮਾਕਰ ਨੇ ਜੂਨੀਅਰ 50 ਮੀਟਰ 3ਪੀ ਰਾਈਫਲ ਵਿਅਕਤੀਗਤ ਈਵੈਂਟ ਵਿੱਚ ਨਵਾਂ ਏਸ਼ੀਅਨ ਰਿਕਾਰਡ ਬਣਾ ਕੇ ਯੂਨੀਵਰਸਿਟੀ ਅਤੇ ਦੇਸ਼ ਲਈ ਇਤਿਹਾਸਕ ਮੀਲ ਪੱਥਰ ਸਥਾਪਤ ਕੀਤਾ।
ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਨਿਸ਼ਾਨੇਬਾਜ਼ਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਦਰਸ਼ਨ ਲਈ ਅਸੀਸਾਂ ਅਤੇ ਵਧਾਈਆਂ ਦਿੱਤੀਆਂ। ਡੀਨ ਅਕਾਦਮਿਕ ਮਾਮਲੇ, ਪ੍ਰੋ. (ਡਾ.) ਪਲਵਿੰਦਰ ਸਿੰਘ, ਰਜਿਸਟਰਾਰ, ਪ੍ਰੋ. (ਡਾ.) ਕੇ.ਐਸ. ਚਾਹਲ ਅਤੇ ਡੀਨ ਸਟੂਡੈਂਟਸ ਵੈੱਲਫੇਅਰ, ਪ੍ਰੋ. (ਡਾ.) ਹਰਵਿੰਦਰ ਸਿੰਘ ਸੈਣੀ ਨੇ ਦੇਸ਼ ਦਾ ਮਾਣ ਵਧਾਉਣ ਲਈ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸਪੋਰਟਸ ਡਾਇਰੈਕਟਰ ਡਾ. ਕੰਵਰ ਮਨਦੀਪ ਸਿੰਘ ਨੇ ਨਿਸ਼ਾਨੇਬਾਜ਼ਾਂ ਦੀਆਂ ਸ਼ਾਨਦਾਰ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਇਸ ਸਫਲਤਾ ਨੂੰ ਸੰਭਵ ਬਣਾਉਣ ਲਈ ਯੂਨੀਵਰਸਿਟੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਯੂਨੀਵਰਸਿਟੀ ਦੀ ਸ਼ੂਟਿੰਗ ਕੋਚ ਸ੍ਰੀਮਤੀ ਰਾਜਵਿੰਦਰ ਕੌਰ ਨੇ ਵੀ ਖਿਡਾਰੀਆਂ ਦੀ ਅਨੁਸ਼ਾਸਿਤ ਅਤੇ ਸਮਰਪਿਤ ਪ੍ਰਦਰਸ਼ਨ ਲਈ ਵਧਾਈ ਦਿੱਤੀ।