ਵਾਸਿ਼ੰਗਟਨ ਡੀਸੀ, 17 ਅਗਸਤ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰਾਜਧਾਨੀ ਵਾਸਿ਼ੰਗਟਨ ਡੀਸੀ ਵਿੱਚ ਹੋਰ ਗਾਰਡ ਤਾਇਨਾਤ ਕਰਨ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦੇ ਆਦੇਸ਼ਾਂ 'ਤੇ, ਪੱਛਮੀ ਵਰਜੀਨੀਆ, ਦੱਖਣੀ ਕੈਰੋਲੀਨਾ ਅਤੇ ਓਹੀਓ ਦੇ ਗਵਰਨਰਾਂ ਨੇ ਸ਼ਨੀਵਾਰ ਨੂੰ ਆਪਣੇ ਰਾਜਾਂ ਦੇ ਨੈਸ਼ਨਲ ਗਾਰਡਾਂ ਨੂੰ ਵਾਸਿ਼ੰਗਟਨ ਭੇਜਣ ਦਾ ਐਲਾਨ ਕੀਤਾ ਹੈ।
300-400 ਨੈਸ਼ਨਲ ਗਾਰਡ ਪੱਛਮੀ ਵਰਜੀਨੀਆ ਤੋਂ, 200 ਦੱਖਣੀ ਕੈਰੋਲੀਨਾ ਤੋਂ ਅਤੇ ਲਗਭਗ 150 ਓਹੀਓ ਤੋਂ ਆਉਣਗੇ। ਇਸ ਸਮੇਂ ਵਾਸਿ਼ੰਗਟਨ ਵਿੱਚ 800 ਨੈਸ਼ਨਲ ਗਾਰਡ ਤਾਇਨਾਤ ਹਨ। ਟਰੰਪ ਸਿੱਧੇ ਤੌਰ 'ਤੇ ਉਨ੍ਹਾਂ ਨੂੰ ਕੰਟਰੋਲ ਕਰਦੇ ਹਨ।
ਇਨ੍ਹਾਂ ਤਿੰਨਾਂ ਰਾਜਾਂ ਤੋਂ ਲਗਭਗ 700 ਵਾਧੂ ਸੈਨਿਕਾਂ ਦੇ ਆਉਣ ਨਾਲ, ਵਾਸ਼ਿੰਗਟਨ ਵਿੱਚ ਨੈਸ਼ਨਲ ਗਾਰਡਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਜਾਵੇਗੀ। ਹਾਲਾਂਕਿ, ਲੋਕਾਂ ਨੇ ਸ਼ਨੀਵਾਰ ਨੂੰ ਨੈਸ਼ਨਲ ਗਾਰਡਾਂ ਦੀ ਤਾਇਨਾਤੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ।
ਇਸ ਤੋਂ ਪਹਿਲਾਂ 12 ਅਗਸਤ ਨੂੰ ਟਰੰਪ ਨੇ ਵਾਸਿ਼ਗਟਨ ਨੂੰ ਕੇਂਦਰੀ ਸਰਕਾਰ ਦੇ ਕੰਟਰੋਲ ਹੇਠ ਲੈ ਲਿਆ ਸੀ। ਉਨ੍ਹਾਂ ਕਿਹਾ ਕਿ ਰਾਜਧਾਨੀ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੈ, ਰਾਜਧਾਨੀ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਵਾਪਿਸ ਪਟੜੀ 'ਤੇ ਲਿਆਉਣਾ ਜ਼ਰੂਰੀ ਹੈ।