ਟੋਕੀਓ, 6 ਜੂਨ (ਪੋਸਟ ਬਿਊਰੋ): ਜਾਪਾਨ ਦੀ ਨਿੱਜੀ ਪੁਲਾੜ ਕੰਪਨੀ ਆਈਸਪੇਸ ਦਾ ਚੰਦਰਯਾਨ ਰੈਜ਼ੀਲੈਂਸ ਸ਼ੁੱਕਰਵਾਰ ਨੂੰ ਚੰਦ ਦੀ ਸਤ੍ਹਾ 'ਤੇ ਉਤਰਨ ਤੋਂ ਕੁਝ ਸਕਿੰਟ ਪਹਿਲਾਂ ਕਰੈਸ਼ ਹੋ ਗਿਆ। ਲੈਂਡਿੰਗ ਤੋਂ ਲਗਭਗ ਦੋ ਮਿੰਟ ਪਹਿਲਾਂ, ਲੈਂਡਰ ਦਾ ਸੰਪਰਕ ਟੁੱਟ ਗਿਆ ਅਤੇ ਮਿਸ਼ਨ ਨੂੰ ਅਸਫਲ ਐਲਾਨ ਦਿੱਤਾ ਗਿਆ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੈਂਡਰ ਦੀ ਉਚਾਈ ਨੂੰ ਮਾਪਣ ਵਾਲਾ ਲੇਜ਼ਰ ਸਿਸਟਮ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਸੀ ਅਤੇ ਲੈਂਡਰ ਬਹੁਤ ਤੇਜ਼ੀ ਨਾਲ ਹੇਠਾਂ ਆ ਗਿਆ, ਜਿਸ ਕਾਰਨ ਇਹ ਚੰਦਰਮਾ ਨਾਲ ਜ਼ੋਰ ਨਾਲ ਟਕਰਾ ਗਿਆ।
ਇਹ ਚੰਦਰਮਾ 'ਤੇ ਆਈਸਪੇਸ ਦੀ ਦੂਜੀ ਕੋਸਿ਼ਸ਼ ਸੀ। ਇਸ ਤੋਂ ਪਹਿਲਾਂ ਸਾਲ 2022-23 ਵਿੱਚ, ਕੰਪਨੀ ਦਾ ਪਹਿਲਾ ਮੂਨ ਮਿਸ਼ਨ ਵੀ ਕਰੈਸ਼ ਹੋ ਗਿਆ ਸੀ।
ਰੈਜ਼ੀਲੈਂਸ ਨਾਮ ਦਾ ਇਹ ਲੈਂਡਰ 2.3 ਮੀਟਰ ਲੰਬਾ ਸੀ ਅਤੇ ਇਸ ਸਾਲ ਜਨਵਰੀ ਵਿੱਚ ਫਲੋਰੀਡਾ (ਅਮਰੀਕਾ) ਤੋਂ ਲਾਂਚ ਕੀਤਾ ਗਿਆ ਸੀ।
ਪਿਛਲੇ ਮਹੀਨੇ ਇਹ ਚੰਦ ਦੇ ਪੰਧ ਵਿੱਚ ਪਹੁੰਚਿਆ ਸੀ। ਲੈਂਡਿੰਗ ਲਈ, ਚੰਦ ਦੇ ਉੱਤਰੀ ਹਿੱਸੇ, ਮੇਅਰ ਫ੍ਰੀਗੋਰਿਸ ਵਿੱਚ ਇੱਕ ਸਮਤਲ ਜਗ੍ਹਾ ਚੁਣੀ ਗਈ ਸੀ, ਜੋਕਿ ਕ੍ਰੇਟਰਾਂ ਅਤੇ ਪੁਰਾਣੇ ਲਾਵੇ ਨਾਲ ਭਰਿਆ ਖੇਤਰ ਹੈ।