ਵਾਸਿ਼ੰਗਟਨ, 5 ਜੂਨ (ਪੋਸਟ ਬਿਊਰੋ): ਅਮਰੀਕਾ ਨੇ ਗਾਜ਼ਾ ਵਿੱਚ ਜੰਗਬੰਦੀ ਕਾਇਮ ਕਰਨ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਦੇ ਪ੍ਰਸਤਾਵ ਨੂੰ ਵੀਟੋ ਕਰ ਦਿੱਤਾ ਹੈ। ਇਸ ਲਈ ਬੁੱਧਵਾਰ ਨੂੰ ਯੂਐੱਨਐੱਸਸੀ ਵਿੱਚ ਵੋਟਿੰਗ ਹੋਈ ਜਿਸ ਵਿੱਚ 15 ਵਿੱਚੋਂ 14 ਦੇਸ਼ਾਂ ਨੇ ਗਾਜ਼ਾ ਵਿੱਚ ਜੰਗਬੰਦੀ ਦੇ ਹੱਕ ਵਿੱਚ ਵੋਟ ਦਿੱਤੀ।
ਪ੍ਰਸਤਾਵ ਵਿੱਚ ਸਾਰੇ ਬੰਧਕਾਂ ਦੀ ਰਿਹਾਈ ਅਤੇ ਮਨੁੱਖੀ ਸਹਾਇਤਾ ਪਾਬੰਦੀਆਂ ਨੂੰ ਹਟਾਉਣ ਦੀ ਵੀ ਮੰਗ ਕੀਤੀ ਗਈ। ਇਸ ਪ੍ਰਸਤਾਵ ਦੇ ਵਿਰੁੱਧ ਵੋਟ ਪਾਉਣ ਵਾਲਾ ਅਮਰੀਕਾ ਇਕਲੌਤਾ ਦੇਸ਼ ਸੀ।
ਅਮਰੀਕਾ ਨੇ ਇਸਨੂੰ ਰੋਕਣ ਲਈ ਆਪਣੀ ਵੀਟੋ ਸ਼ਕਤੀ ਦੀ ਵਰਤੋਂ ਕੀਤੀ। ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਡੋਰੋਥੀ ਸ਼ੀਆ ਨੇ ਕਿਹਾ ਕਿ ਇਹ ਪ੍ਰਸਤਾਵ ਜੰਗਬੰਦੀ ਦੇ 'ਕੂਟਨੀਤਕ ਯਤਨਾਂ' ਨੂੰ ਕਮਜ਼ੋਰ ਕਰੇਗਾ।
ਇਹ ਪ੍ਰਸਤਾਵ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ 10 ਦੇਸ਼ਾਂ ਅਲਜੀਰੀਆ, ਡੈਨਮਾਰਕ, ਗ੍ਰੀਸ, ਗੁਆਨਾ, ਪਾਕਿਸਤਾਨ, ਪਨਾਮਾ, ਕੋਰੀਆ ਗਣਰਾਜ, ਸਿਏਰਾ ਲਿਓਨ, ਸਲੋਵੇਨੀਆ ਅਤੇ ਸੋਮਾਲੀਆ ਦੁਆਰਾ ਸਾਂਝੇ ਤੌਰ 'ਤੇ ਪੇਸ਼ ਕੀਤਾ ਗਿਆ ਸੀ, ਜਿਸ 'ਤੇ ਬ੍ਰਿਟੇਨ, ਫਰਾਂਸ, ਰੂਸ ਅਤੇ ਚੀਨ ਨੇ ਵੀ ਸਹਿਮਤੀ ਦਿੱਤੀ ਸੀ।
ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ, ਕਾਰਜਕਾਰੀ ਅਮਰੀਕੀ ਰਾਜਦੂਤ ਡੋਰੋਥੀ ਸ਼ੀਆ ਨੇ ਕਿਹਾ ਕਿ ਅਮਰੀਕਾ ਇਸ ਪ੍ਰਸਤਾਵ ਦੇ ਹੱਕ ਵਿੱਚ ਨਹੀਂ ਹੈ ਅਤੇ ਇਸ ਵਿੱਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ਇਸ ਟਕਰਾਅ ਦੀ ਸ਼ੁਰੂਆਤ ਤੋਂ ਹੀ, ਅਮਰੀਕਾ ਨੇ ਇੱਕ ਬਹੁਤ ਸਪੱਸ਼ਟ ਸਟੈਂਡ ਲਿਆ ਹੈ ਕਿ ਇਜ਼ਰਾਈਲ ਨੂੰ ਆਪਣਾ ਬਚਾਅ ਕਰਨ ਦਾ ਪੂਰਾ ਅਧਿਕਾਰ ਹੈ।
ਸ਼ੀਆ ਨੇ ਕਿਹਾ ਕਿ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੰਯੁਕਤ ਰਾਸ਼ਟਰ ਨੇ ਹਮਾਸ ਨੂੰ 'ਅੱਤਵਾਦੀ' ਸੰਗਠਨ ਨਹੀਂ ਮੰਨਿਆ ਹੈ। ਅਸੀਂ ਕਿਸੇ ਵੀ ਅਜਿਹੇ ਕਦਮ ਦਾ ਸਮਰਥਨ ਨਹੀਂ ਕਰਾਂਗੇ ਜੋ ਹਮਾਸ ਦੀ ਨਿੰਦਾ ਨਾ ਕਰੇ ਅਤੇ ਜੋ ਹਮਾਸ ਨੂੰ ਹਥਿਆਰ ਛੱਡਣ ਅਤੇ ਗਾਜ਼ਾ ਛੱਡਣ ਦੀ ਮੰਗ ਨਾ ਕਰੇ।