* ਟਰੰਪ ਨੇ ਕਿਹਾ- ਅਸੀਂ ਦੇਸ਼ ਨੂੰ ਖਤਰਨਾਕ ਲੋਕਾਂ ਤੋਂ ਬਚਾ ਰਹੇ ਹਾਂ
ਵਾਸਿ਼ੰਗਟਨ, 5 ਜੂਨ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਵਿੱਚ ਦਾਖਲੇ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਅਮਰੀਕਾ ਦੀ ਸੁਰੱਖਿਆ ਅਤੇ ਲੋਕਾਂ ਦੀ ਜਾਨ ਦੀ ਰੱਖਿਆ ਲਈ ਜ਼ਰੂਰੀ ਹੈ।
ਇਹ ਪਾਬੰਦੀ 9 ਜੂਨ ਤੋਂ ਲਾਗੂ ਹੋ ਰਹੀ ਹੈ। ਇਨ੍ਹਾਂ ਤੋਂ ਇਲਾਵਾ, 7 ਦੇਸ਼ਾਂ ਦੇ ਨਾਗਰਿਕਾਂ 'ਤੇ ਵੀ ਸੰਭਾਵੀ ਪਾਬੰਦੀ ਲਗਾਈ ਗਈ ਹੈ। ਇਹ ਇੰਮੀਗ੍ਰੇਸ਼ਨ ਅਤੇ ਗੈਰ-ਇੰਮੀਗ੍ਰੇਸ਼ਨ ਵੀਜ਼ਾ ਦੋਨਾਂ 'ਤੇ ਲਾਗੂ ਹੋਵੇਗਾ।
ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਤੋਂ ਸੁਰੱਖਿਅਤ ਰੱਖਣਾ ਮਹੱਤਵਪੂਰਨ ਹੈ ਜੋ ਅੱਤਵਾਦੀ ਹਮਲੇ ਕਰਨ, ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ, ਨਫ਼ਰਤ ਫੈਲਾਉਣ ਜਾਂ ਇੰਮੀਗ੍ਰੇਸ਼ਨ ਕਾਨੂੰਨਾਂ ਦਾ ਫਾਇਦਾ ਉਠਾਉਣ ਦੀ ਕੋਸਿ਼ਸ਼ ਕਰਦੇ ਹਨ।
ਅਮਰੀਕੀ ਵਿਦੇਸ਼ ਵਿਭਾਗ ਅਨੁਸਾਰ, ਪੂਰੀ ਪਾਬੰਦੀ ਦਾ ਮਤਲਬ ਹੈ ਕਿ ਉਸ ਦੇਸ਼ ਦੇ ਜਿ਼ਆਦਾਤਰ ਨਾਗਰਿਕਾਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਪੂਰੀ ਤਰ੍ਹਾਂ ਰੋਕਿਆ ਜਾਂਦਾ ਹੈ। ਇਨ੍ਹਾਂ ਵਿੱਚ ਟੂਰਿਸਟ ਵੀਜ਼ਾ, ਵਿਦਿਆਰਥੀ ਵੀਜ਼ਾ, ਵਰਕ ਵੀਜ਼ਾ ਅਤੇ ਇੰਮੀਗ੍ਰੇਸ਼ਨ ਵੀਜ਼ੇ ਦੀ ਮੰਗ ਕਰਨ ਵਾਲੇ ਲੋਕ ਸ਼ਾਮਿਲ ਹਨ।
ਅੰਸ਼ਕ ਪਾਬੰਦੀ ਦਾ ਮਤਲਬ ਹੈ ਕਿ ਉਸ ਦੇਸ਼ ਦੇ ਨਾਗਰਿਕਾਂ ਨੂੰ ਕੁਝ ਖਾਸ ਕਿਸਮ ਦੇ ਵੀਜ਼ੇ ਜਾਂ ਪ੍ਰਵੇਸ਼ ਪ੍ਰਾਪਤ ਕਰਨ ਤੋਂ ਪਾਬੰਦੀ ਲਗਾਈ ਜਾਂਦੀ ਹੈ, ਪਰ ਹੋਰ ਨਹੀਂ। ਮਤਲਬ, ਇੰਮੀਗ੍ਰੇਸ਼ਨ ਵੀਜ਼ਾ ਉਪਲਬਧ ਨਹੀਂ ਹੋਵੇਗਾ, ਪਰ ਟੂਰਿਸਟ ਵੀਜ਼ਾ ਪ੍ਰਾਪਤ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਨੂੰ ਇਜਾਜ਼ਤ ਮਿਲੇਗੀ, ਪਰ ਵਰਕ ਵੀਜ਼ਾ 'ਤੇ ਪਾਬੰਦੀ ਲਗਾਈ ਜਾਵੇਗੀ।
ਟਰੰਪ ਨੇ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਦੇ ਸਮੇਂ ਸਾਵਧਾਨ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਵੀਜ਼ਾ ਜਾਰੀ ਕਰਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੇ ਲੋਕ ਅਮਰੀਕਾ ਨਾ ਆਉਣ, ਜੋ ਅਮਰੀਕੀਆਂ ਜਾਂ ਦੇਸ਼ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਟਰੰਪ ਨੇ ਕਿਹਾ ਕਿ ਇੰਮੀਗ੍ਰੇਸ਼ਨ ਵੀਜ਼ਾ 'ਤੇ ਆਉਣ ਵਾਲੇ ਲੋਕ ਸਥਾਈ ਨਿਵਾਸੀ ਬਣ ਜਾਂਦੇ ਹਨ, ਇਸ ਲਈ ਉਨ੍ਹਾਂ ਦੀ ਜਾਂਚ ਵਧੇਰੇ ਮਹੱਤਵਪੂਰਨ ਅਤੇ ਮੁਸ਼ਕਿਲ ਹੁੰਦੀ ਹੈ। ਸੁਰੱਖਿਆ ਖ਼ਤਰਾ ਹੋਣ 'ਤੇ ਵੀ ਇਨ੍ਹਾਂ ਲੋਕਾਂ ਨੂੰ ਬਾਹਰ ਕੱਢਣਾ ਮੁਸ਼ਕਿਲ ਹੁੰਦਾ ਹੈ। ਦੂਜੇ ਪਾਸੇ, ਗੈਰ-ਇੰਮੀਗ੍ਰੇਸ਼ਨ ਵੀਜ਼ਾ 'ਤੇ ਆਉਣ ਵਾਲੇ ਲੋਕਾਂ ਦੀ ਜਾਂਚ ਘੱਟ ਕੀਤੀ ਜਾਂਦੀ ਹੈ। ਇਸ ਲਈ, ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ 'ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ ਜਿੱਥੇ ਪਛਾਣ ਅਤੇ ਜਾਣਕਾਰੀ ਸਾਂਝੀ ਕਰਨ ਨਾਲ ਸਬੰਧਤ ਪ੍ਰਣਾਲੀਆਂ ਵਧੀਆ ਨਹੀਂ ਹਨ।