ਵੈਨਕੂਵਰ, 4 ਮਈ (ਪੋਸਟ ਬਿਊਰੋ): ਚਿਲੀਵੈਕ ਵਿੱਚ ਇੱਕ ਲਾਪਤਾ 7 ਸਾਲ ਦੀ ਬੱਚੀ ਨੂੰ ਲੱਭਣ ਵਾਲੀ ਖੋਜ ਅਤੇ ਬਚਾਅ ਟੀਮ ਸ਼ੁੱਕਰਵਾਰ ਦੁਪਹਿਰ ਨੂੰ ਵਾਪਿਸ ਆਈ ਤਾਂ ਉਨ੍ਹਾਂ ਦਾ ਸਾਮਾਨ ਚੋਰੀ ਹੋ ਚੁੱਕਿਆ ਸੀ। ਚਿਲੀਵੈਕ ਸਰਚ ਐਂਡ ਰੈਸਕਿਊ ਦੇ ਪ੍ਰਧਾਨ ਅਤੇ ਸ਼ੁੱਕਰਵਾਰ ਦੀ ਤਲਾਸ਼ ਦੇ ਸੀਨੀਅਰ ਮੈਨੇਜਰ ਗ੍ਰੇਗ ਅਨਰੂਹ ਨੇ ਦੱਸਿਆ ਕਿ ਟੀਮ ਨੇ ਖੋਜ ਖੇਤਰ ਵਿੱਚ ਜਾਂਦੇ ਸਮੇਂ ਆਪਣੇ ਕੁਝ ਮੁੱਢਲੇ ਖੋਜ ਅਤੇ ਬਚਾਅ ਪੈਕ ਲੁਕਾ ਕੁ ਰੱਖੇ ਸਨ। ਅਨਰੂਹ ਨੇ ਕਿਹਾ ਕਿ ਉਸਨੇ ਕਿਹਾ ਕਿ ਗੁੰਮ ਹੋਏ ਸਾਮਾਨ ਦੀ ਰਿਪੋਰਟ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਨਿਸ਼ਚਤ ਤੌਰ 'ਤੇ ਬਹੁਤ ਨਿਰਾਸ਼ਾਜਨਕ ਸੀ ਕਿਉਂਕਿ ਟੀਮ ਦੇ ਤਿੰਨ ਮੈਂਬਰਾਂ ਦਾ ਸਾਮਾਨ ਚੋਰੀ ਹੋ ਗਿਆ। ਟੀਮ ਦੇ ਇੱਕ ਮੈਂਬਰ ਨੇ ਆਪਣੀ ਕਾਰ ਦੀਆਂ ਚਾਬੀਆਂ ਆਪਣੇ ਪੈਕ ਵਿੱਚ ਛੱਡ ਦਿੱਤੀਆਂ ਸਨ।
ਉਨ੍ਹਾਂ ਕਿਹਾ ਕਿ ਅਜਿਹੇ ਬੈਗਾਂ ਵਿੱਚ ਆਮ ਤੌਰ 'ਤੇ ਮੁੱਢਲੇ ਉਪਕਰਣ, ਵਾਧੂ ਕੱਪੜੇ ਅਤੇ ਨਿੱਜੀ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਨਿੱਜੀ ਪੈਕ 2 ਤੋਂ 5 ਹਜ਼ਾਰ ਡਾਲਰ ਦੀ ਕੀਮਤ ਵਾਲੇ ਹੁੰਦੇ ਹਨ। ਚੋਰੀ ਦੇ ਮੱਦੇਨਜ਼ਰ ਇੱਕ ਕਮਿਊਨਿਟੀ ਮੈਂਬਰ ਵੱਲੋਂ ਸਥਾਪਤ ਕੀਤੇ ਗਏ ਇੱਕ ਗੋ ਫੰਡ ਮੀ ਦੇ ਪੇਜ ‘ਤੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਲਗਭਗ 10 ਹਜ਼ਾਰ ਡਾਲਰ ਇਕੱਠੇ ਕੀਤੇ ਗਏ ਹਨ।