ਨਵੀਂ ਦਿੱਲੀ, 5 ਮਈ (ਪੋਸਟ ਬਿਊਰੋ): ਜਲਾਵਤਨ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੇ ਐਤਵਾਰ ਨੂੰ ਪਹਿਲਗਾਮ ਅੱਤਵਾਦੀ ਹਮਲੇ ਅਤੇ 2016 ਵਿੱਚ ਢਾਕਾ ਵਿੱਚ ਹੋਏ ਅੱਤਵਾਦੀ ਹਮਲੇ ਵਿਚਕਾਰ ਸਮਾਨਤਾਵਾਂ ਦੱਸੀਆਂ ਅਤੇ ਕਿਹਾ ਕਿ ਜਦੋਂ ਤੱਕ ਇਸਲਾਮ ਰਹੇਗਾ, ਅੱਤਵਾਦ ਰਹੇਗਾ। ਦਿੱਲੀ ਵਿੱਚ ਇੱਕ ਸਾਹਿਤ ਮੇਲੇ ਦੇ ਇੱਕ ਸੈਸ਼ਨ ਵਿੱਚ, ਉਨ੍ਹਾਂ ਨੇ ਕਿਹਾ ਕਿ ਇਸਲਾਮ 1400 ਸਾਲਾਂ ਵਿੱਚ ਵੀ ਵਿਕਸਤ ਨਹੀਂ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਇਸਲਾਮ ਅੱਤਵਾਦੀਆਂ ਨੂੰ ਜਨਮ ਦਿੰਦਾ ਰਹੇਗਾ। 2016 ਦੇ ਢਾਕਾ ਹਮਲੇ ਵਿੱਚ, ਮੁਸਲਮਾਨਾਂ ਨੂੰ ਇਸ ਲਈ ਮਾਰਿਆ ਗਿਆ ਕਿਉਂਕਿ ਉਹ ਕਲਮਾ ਨਹੀਂ ਪੜ੍ਹ ਸਕਦੇ ਸਨ। ਇਹੀ ਹੁੰਦਾ ਹੈ ਜਦੋਂ ਵਿਸ਼ਵਾਸ ਨੂੰ ਤਰਕ ਅਤੇ ਮਨੁੱਖਤਾ 'ਤੇ ਹਾਵੀ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
22 ਅਪ੍ਰੈਲ ਨੂੰ, ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਵਿੱਚ ਪਹਿਲਗਾਮ ਦੇ ਨੇੜੇ 26 ਲੋਕਾਂ ਨੂੰ ਗੋਲੀ ਮਾਰ ਦਿੱਤੀ, ਜਿਨ੍ਹਾਂ ਵਿੱਚੋਂ ਜਿ਼ਆਦਾਤਰ ਸੈਲਾਨੀ ਸਨ। 1 ਜੁਲਾਈ 2016 ਨੂੰ, ਅੱਤਵਾਦੀਆਂ ਨੇ ਢਾਕਾ ਵਿੱਚ ਹੋਲੀ ਆਰਟੀਸਨ ਬੇਕਰੀ 'ਤੇ ਗੋਲੀਬਾਰੀ ਕੀਤੀ, ਜਿਸ ਵਿੱਚ 29 ਲੋਕ ਮਾਰੇ ਗਏ।
ਤਸਲੀਮਾ 'ਤੇ ਈਸ਼ਨਿੰਦਾ ਦੇ ਦੋਸ਼ ਲੱਗਣ ਤੋਂ ਬਾਅਦ 1994 ਤੋਂ ਨਸਰੀਨ ਸਵੀਡਨ, ਅਮਰੀਕਾ ਅਤੇ ਭਾਰਤ ਵਿੱਚ ਜਲਾਵਤਨੀ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਯੂਰਪ ਵਿੱਚ ਚਰਚ ਅਜਾਇਬ ਘਰ ਵਿੱਚ ਬਦਲ ਗਏ ਹਨ, ਪਰ ਮੁਸਲਮਾਨ ਹਰ ਜਗ੍ਹਾ ਮਸਜਿਦਾਂ ਬਣਾਉਣ ਵਿੱਚ ਰੁੱਝੇ ਹੋਏ ਹਨ। ਹਜ਼ਾਰਾਂ ਮਸਜਿਦਾਂ ਹਨ ਅਤੇ ਉਹ ਹੋਰ ਮਸਜਿਦਾਂ ਬਣਾਉਣਾ ਚਾਹੁੰਦੇ ਹਨ। ਉਹ ਜੇਹਾਦੀ ਪੈਦਾ ਕਰਦੇ ਹਨ। ਕੋਈ ਮਦਰੱਸੇ ਨਹੀਂ ਹੋਣੇ ਚਾਹੀਦੇ। ਬੱਚਿਆਂ ਨੂੰ ਸਾਰੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ, ਸਿਰਫ਼ ਇੱਕ ਨਹੀਂ।