ਵਾਸਿ਼ੰਗਟਨ, 5 ਮਈ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਸੰਵਿਧਾਨਕ ਕਦਰਾਂ-ਕੀਮਤਾਂ 'ਤੇ ਸਵਾਲ ਉਠਾ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇੱਕ ਇੰਟਰਵਿਊ ਦੌਰਾਨ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਰਾਸ਼ਟਰਪਤੀ ਵਜੋਂ ਸੰਵਿਧਾਨ ਦੀ ਪਾਲਣਾ ਕਰਨਾ ਜ਼ਰੂਰੀ ਸਮਝਦੇ ਹਨ, ਤਾਂ ਉਨ੍ਹਾਂ ਜਵਾਬ ਦਿੱਤਾ- ਮੈਨੂੰ ਨਹੀਂ ਪਤਾ।
ਟਰੰਪ ਨੇ ਕਿਹਾ ਕਿ ਉਹ ਸੱਤਾ ਲਈ ਚੁਣੇ ਗਏ ਸਨ ਤਾਂ ਜੋ ਅਪਰਾਧੀਆਂ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾ ਸਕੇ, ਪਰ ਅਦਾਲਤਾਂ ਉਨ੍ਹਾਂ ਦੇ ਰਾਹ ਵਿੱਚ ਰੁਕਾਵਟ ਬਣ ਰਹੀਆਂ ਹਨ। ਇਸ ਦੌਰਾਨ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਸੰਵਿਧਾਨ ਦੀ ਪਾਲਣਾ ਕਰਨਗੇ?
ਇਸ 'ਤੇ ਟਰੰਪ ਨੇ ਕਿਹਾ ਕਿ ਮੈਨੂੰ ਨਹੀਂ ਪਤਾ। ਮੇਰੇ ਕੋਲ ਸਮਾਰਟ ਵਕੀਲਾਂ ਦੀ ਇੱਕ ਟੀਮ ਹੈ, ਜੋ ਸੁਪਰੀਮ ਕੋਰਟ ਦੇ ਫੈਸਲਿਆਂ ਅਨੁਸਾਰ ਕੰਮ ਕਰੇਗੀ। ਟਰੰਪ ਦਾ ਇਹ ਬਿਆਨ ਰਾਸ਼ਟਰਪਤੀ ਅਹੁਦੇ ਦੀ ਸਹੁੰ 'ਤੇ ਵੀ ਸਵਾਲ ਉਠਾਉਂਦਾ ਹੈ ਜਿਸ ਵਿੱਚ ਸਹੁੰ ਚੁੱਕ ਦੌਰਾਨ ਇਹ ਸਹੁੰ ਚੁੱਕੀ ਜਾਂਦੀ ਹੈ ਕਿ ਉਹ ਅਮਰੀਕੀ ਸੰਵਿਧਾਨ ਦੀ ਰੱਖਿਆ ਕਰਨਗੇ।
ਟਰੰਪ ਦੇ ਇਸ ਜਵਾਬ ਨੂੰ ਲੈ ਕੇ ਅਮਰੀਕਾ ਵਿੱਚ ਵਿਵਾਦ ਖੜ੍ਹਾ ਹੋ ਗਿਆ ਹੈ। ਡੈਮੋਕ੍ਰੇਟਿਕ ਨੇਤਾਵਾਂ ਨੇ ਇਸ ਬਿਆਨ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਤਾਨਾਸ਼ਾਹੀ ਰੁਝਾਨਾਂ ਨੂੰ ਦਰਸਾਉਂਦਾ ਹੈ।