-62 ਸਾਲ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ
ਵਾਸਿ਼ੰਗਟਨ, 5 ਮਈ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਲਕਟਰਾਜ਼ ਜੇਲ੍ਹ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਹੈ। ਉਨ੍ਹਾਂ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਕਿਹਾ ਕਿ ਉਹ ਇੱਥੇ ਸਭ ਤੋਂ ਖਤਰਨਾਕ ਅਪਰਾਧੀਆਂ ਨੂੰ ਰੱਖਣਗੇ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਨਿਆਂ ਵਿਭਾਗ, ਐੱਫਬੀਆਈ ਅਤੇ ਹੋਮਲੈਂਡ ਸਿਕਿਓਰਿਟੀ ਨੂੰ ਇਕੱਠੇ ਅਲਕਟਰਾਜ਼ ਨੂੰ ਦੁਬਾਰਾ ਬਣਾਉਣ ਦਾ ਆਦੇਸ਼ ਦਿੱਤਾ ਹੈ।
ਟਰੰਪ ਨੇ ਕਿਹਾ ਕਿ ਅਲਕਟਰਾਜ਼ ਨੂੰ ਦੁਬਾਰਾ ਖੋਲ੍ਹਣ ਦਾ ਮਤਲਬ ਹੈ ਸਹੀ ਅਰਥਾਂ ਵਿੱਚ ਕਾਨੂੰਨ ਵਿਵਸਥਾ ਬਹਾਲ ਕਰਨਾ। ਅਮਰੀਕਾ ਨੇ ਹਾਲ ਹੀ ਵਿੱਚ ਮੱਧ ਅਮਰੀਕੀ ਦੇਸ਼ ਅਲ ਸਲਵਾਡੋਰ ਨਾਲ ਹਿੰਸਕ ਅਪਰਾਧੀਆਂ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੱਖਣ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ।
ਟਰੰਪ ਨੇ ਕਿਹਾ ਕਿ ਦੇਸ਼ ਵਿੱਚ ਖਤਰਨਾਕ ਅਪਰਾਧੀਆਂ ਨੂੰ ਰੱਖਣਾ ਇੱਕ ਮਜਬੂਰੀ ਬਣ ਜਾਂਦਾ ਹੈ ਕਿਉਂਕਿ ਬਹੁਤ ਸਾਰੇ 'ਬਦਮਾਸ਼ ਜੱਜ' ਕੇਸ ਦੀ ਸੁਣਵਾਈ ਦੌਰਾਨ ਕੈਦੀਆਂ ਨੂੰ ਵਾਰ-ਵਾਰ ਪੇਸ਼ ਹੋਣ ਲਈ ਬੁਲਾਉਂਦੇ ਹਨ। ਇਸ ਨਾਲ ਦੇਸ਼ 'ਤੇ ਬੋਝ ਵਧਦਾ ਹੈ।
ਅਲਕਟਰਾਜ਼ ਨੂੰ ਅਮਰੀਕਾ ਦੀਆਂ ਸਭ ਤੋਂ ਔਖੀਆਂ ਜੇਲ੍ਹਾਂ ਵਿੱਚ ਗਿਣਿਆ ਜਾਂਦਾ ਸੀ, ਜਿੱਥੇ ਸਭ ਤੋਂ ਖਤਰਨਾਕ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਇਸਨੂੰ 'ਦ ਰੌਕ' ਵੀ ਕਿਹਾ ਜਾਂਦਾ ਹੈ। ਇਹ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਖਾੜੀ ਦੇ ਇੱਕ ਟਾਪੂ 'ਤੇ ਸਥਿਤ ਹੈ। ਇਹ ਜੇਲ੍ਹ 1934 ਤੋਂ 1963 ਤੱਕ ਵਰਤੀ ਜਾਂਦੀ ਰਹੀ। ਇਹ ਜਿ਼ਆਦਾ ਖਰਚਿਆਂ ਅਤੇ ਸਾਂਭ-ਸੰਭਾਲ ਦੀਆਂ ਸਮੱਸਿਆਵਾਂ ਕਾਰਨ ਬੰਦ ਸੀ।
ਇੱਥੇ ਕੈਦੀਆਂ ਨੂੰ ਸਖ਼ਤ ਨਿਗਰਾਨੀ ਹੇਠ ਰੱਖਿਆ ਜਾਂਦਾ ਸੀ। ਉਨ੍ਹਾਂ ਨੂੰ ਇੱਕ ਦੂਜੇ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ। ਕਈ ਕੈਦੀਆਂ ਨੂੰ ਮਹੀਨਿਆਂ ਤੱਕ ਹਨੇਰੇ ਕਮਰਿਆਂ ਵਿੱਚ ਇਕੱਲੇ ਰੱਖਿਆ ਜਾਂਦਾ ਸੀ। ਇਸ ਕਾਰਨ ਉੱਥੇ ਰਹਿਣ ਵਾਲੇ ਕੈਦੀਆਂ ਨੂੰ ਮਾਨਸਿਕ ਬਿਮਾਰੀਆਂ ਲੱਗ ਗਈਆਂ। ਕਈ ਲੋਕਾਂ ਨੇ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ ਸੀ।