-ਜੇਕਰ 9 ਮਈ ਨੂੰ ਹਮਲਾ ਹੁੰਦਾ ਹੈ, ਤਾਂ ਅਗਲੇ ਦਿਨ ਕੀਵ ਬਚ ਨਹੀਂ ਸਕੇਗਾ : ਰੂਸ
ਮਾਸਕੋ, 5 ਮਈ (ਪੋਸਟ ਬਿਊਰੋ): ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਦਾ ਕਹਿਣਾ ਹੈ ਕਿ ਰੂਸ ਨਾਲ ਚੱਲ ਰਹੀ ਜੰਗ ਦੇ ਮੱਦੇਨਜ਼ਰ, ਯੂਕਰੇਨ 9 ਮਈ ਨੂੰ ਵਿਕਟਰੀ ਡੇਅ ਪਰੇਡ ਵਿੱਚ ਸ਼ਾਮਿਲ ਹੋਣ ਲਈ ਮਾਸਕੋ ਆਉਣ ਵਾਲੇ ਕਿਸੇ ਵੀ ਵਿਦੇਸ਼ੀ ਮਹਿਮਾਨ ਦੀ ਸੁਰੱਖਿਆ ਦੀ ਗਰੰਟੀ ਨਹੀਂ ਦੇ ਸਕਦਾ।
ਜ਼ੇਲੈਂਸਕੀ ਨੇ ਕਿਹਾ ਕਿ ਰੂਸ ਵਿੱਚ ਜੋ ਵੀ ਹੁੰਦਾ ਹੈ ਉਸ ਲਈ ਅਸੀਂ ਜਿ਼ੰਮੇਵਾਰ ਨਹੀਂ ਹੋ ਸਕਦੇ। ਉਹ ਤੁਹਾਡੀ ਸੁਰੱਖਿਆ ਲਈ ਜਿ਼ੰਮੇਵਾਰ ਹਨ, ਅਸੀਂ ਤੁਹਾਨੂੰ ਕੋਈ ਗਰੰਟੀ ਨਹੀਂ ਦੇਵਾਂਗੇ।
ਜ਼ੇਲੈਂਸਕੀ ਦੇ ਇਸ ਬਿਆਨ 'ਤੇ, ਸਾਬਕਾ ਰੂਸੀ ਰਾਸ਼ਟਰਪਤੀ ਅਤੇ ਸੁਰੱਖਿਆ ਪ੍ਰੀਸ਼ਦ ਦੇ ਉਪ ਚੇਅਰਮੈਨ ਦਮਿਤਰੀ ਮੇਦਵੇਦੇਵ ਨੇ ਕਿਹਾ ਕਿ ਇਹ ਬਿਆਨ ਇੱਕ ਤਰ੍ਹਾਂ ਦੀ ਭੜਕਾਹਟ ਹੈ। ਕਿਸੇ ਨੇ 9 ਮਈ ਦੀ ਪਰੇਡ ਲਈ ਯੂਕਰੇਨ ਦੀ ਸੁਰੱਖਿਆ ਗਾਰੰਟੀ ਨਹੀਂ ਮੰਗੀ ਸੀ।
ਉਨ੍ਹਾਂ ਕਿਹਾ ਕਿ ਜੇਕਰ ਯੂਕਰੇਨ 9 ਮਈ ਨੂੰ ਵਿਕਟਈ ਡੇਅ ਪਰੇਡ ਦੌਰਾਨ ਮਾਸਕੋ 'ਤੇ ਹਮਲਾ ਕਰਦਾ ਹੈ, ਤਾਂ ਕੋਈ ਵੀ ਇਸ ਗੱਲ ਦੀ ਗਰੰਟੀ ਨਹੀਂ ਦੇ ਸਕੇਗਾ ਕਿ ਯੂਕਰੇਨ ਦੀ ਰਾਜਧਾਨੀ ਕੀਵ 10 ਮਈ ਤੱਕ ਸੁਰੱਖਿਅਤ ਰਹੇਗੀ।
ਰੂਸ ਹਰ ਸਾਲ 9 ਮਈ ਨੂੰ ਦੂਜੇ ਵਿਸ਼ਵ ਯੁੱਧ ਵਿੱਚ ਆਪਣੀ ਜਿੱਤ ਦੀ ਯਾਦ ਵਿੱਚ ਵਿਕਟਰੀ ਡੇਅ ਪਰੇਡ ਮਨਾਉਂਦਾ ਹੈ। ਇਸ ਪਰੇਡ ਦੇ ਮੱਦੇਨਜ਼ਰ, ਪੁਤਿਨ ਨੇ 8 ਮਈ ਤੋਂ 10 ਮਈ ਤੱਕ ਯੂਕਰੇਨ ਨਾਲ ਤਿੰਨ ਦਿਨਾਂ (72 ਘੰਟੇ) ਦੀ ਜੰਗਬੰਦੀ ਦਾ ਐਲਾਨ ਕੀਤਾ ਹੈ।
ਇਸ ਬਾਰੇ, ਜ਼ੇਲੈਂਸਕੀ ਦਾ ਕਹਿਣਾ ਹੈ ਕਿ ਉਹ ਰੂਸ ਨਾਲ 30 ਦਿਨਾਂ ਦੀ ਜੰਗਬੰਦੀ ਚਾਹੁੰਦੇ ਹਨ। ਹਾਲਾਂਕਿ, ਪੁਤਿਨ ਪਹਿਲਾਂ ਇਸ ਤੋਂ ਇਨਕਾਰ ਕਰ ਚੁੱਕੇ ਹਨ।
ਇਸ ਸਾਲ, 20 ਤੋਂ ਵੱਧ ਦੇਸ਼ਾਂ ਦੇ ਮਹਿਮਾਨ ਇਸ ਪਰੇਡ ਵਿੱਚ ਸ਼ਾਮਿਲ ਹੋਣ ਲਈ ਰੂਸ ਪਹੁੰਚਣਗੇ, ਜਿਨ੍ਹਾਂ ਵਿੱਚ ਚੀਨ, ਬ੍ਰਾਜ਼ੀਲ, ਵੈਨੇਜ਼ੁਏਲਾ ਅਤੇ ਸਰਬੀਆ ਦੇ ਰਾਜਾਂ ਦੇ ਮੁਖੀ ਸ਼ਾਮਿਲ ਹੋਣਗੇ।