ਵਾਸਿ਼ੰਗਟਨ, 5 ਮਈ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਵਿਦੇਸ਼ੀ ਫਿ਼ਲਮਾਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਵਿਦੇਸ਼ਾਂ ਵਿੱਚ ਬਣੀਆਂ ਫਿਲਮਾਂ ਅਮਰੀਕਾ ਵਿੱਚ ਰਿਲੀਜ਼ ਹੋਣ 'ਤੇ 100% ਟੈਰਿਫ ਲਗਾਇਆ ਜਾਵੇਗਾ।
ਟਰੰਪ ਨੇ ਐਤਵਾਰ ਰਾਤ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਪੋਸਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਇਸ ਲਈ ਅਮਰੀਕੀ ਵਣਜ ਵਿਭਾਗ ਨੂੰ ਵੀ ਆਦੇਸ਼ ਦਿੱਤੇ ਹਨ।
ਟਰੰਪ ਨੇ ਦੋਸ਼ ਲਗਾਇਆ ਹੈ ਕਿ ਵਿਦੇਸ਼ਾਂ ਵਿੱਚ ਬਣੀਆਂ ਫਿ਼ਲਮਾਂ ਅਮਰੀਕਾ ਵਿੱਚ ਪ੍ਰੋਪੇਗੇਂਡਾ ਫੈਲਾ ਸਕਦੀਆਂ ਹਨ। ਉਨ੍ਹਾਂ ਨੇ ਇਸਨੂੰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਕਿਹਾ ਹੈ।
ਡੋਨਾਲਡ ਟਰੰਪ ਨੇ ਵਿਦੇਸ਼ਾਂ ਵਿੱਚ ਬਣੀਆਂ ਫਿਲਮਾਂ 'ਤੇ 100 ਟੈਰਿਫ ਲਗਾਏ ਹੋਣਗੇ, ਪਰ ਇਹ ਸਪੱਸ਼ਟ ਨਹੀਂ ਹੈ ਕਿ ਇਸਨੂੰ ਕਿਵੇਂ ਲਾਗੂ ਕੀਤਾ ਜਾਵੇਗਾ।
ਜਿ਼ਆਦਾਤਰ ਫਿ਼ਲਮਾਂ ਦੀ ਸ਼ੂਟਿੰਗ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਹੁੰਦੀ ਹੈ। ਬ੍ਰਿਟੇਨ, ਕੈਨੇਡਾ ਵਰਗੇ ਦੇਸ਼ ਵੀ ਫਿ਼ਲਮ ਨਿਰਮਾਣ 'ਤੇ ਟੈਕਸ ਛੋਟ ਦਿੰਦੇ ਹਨ। ਇਸ ਕਾਰਨ, ਫਿਲਮਾਂ ਦੀ ਸ਼ੂਟਿੰਗ ਅਮਰੀਕਾ ਦੀ ਬਜਾਏ ਇਨ੍ਹਾਂ ਦੇਸ਼ਾਂ ਵਿੱਚ ਹੋ ਰਹੀ ਹੈ।
ਟਰੰਪ ਪਹਿਲਾਂ ਵੀ ਚਿੰਤਾ ਪ੍ਰਗਟ ਕਰ ਚੁੱਕੇ ਹਨ ਕਿ ਫਿ਼ਲਮਾਂ ਅਮਰੀਕਾ ਤੋਂ ਬਾਹਰ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਮਰੀਕਾ ਵਿੱਚ ਫਿ਼ਲਮ ਨਹੀਂ ਬਣਾਉਣਾ ਚਾਹੁੰਦਾ, ਤਾਂ ਉਸ 'ਤੇ ਟੈਕਸ ਲਗਾਇਆ ਜਾਣਾ ਚਾਹੀਦਾ ਹੈ।