ਸ੍ਰੀਨਗਰ, 1 ਮਈ (ਪੋਸਟ ਬਿਊਰੋ): ਪਾਕਿਸਤਾਨੀ ਸਲਾਮਤੀ ਦਸਤਿਆਂ ਨੇ ਅੱਜ ਲਗਾਤਾਰ ਸੱਤਵੀਂ ਰਾਤ ਜੰਮੂ ਕਸ਼ਮੀਰ ਦੇ ਤਿੰਨ ਸਰਹੱਦੀ ਜ਼ਿਲ੍ਹਿਆਂ ਦੇ ਕਈ ਸੈਕਟਰਾਂ ਵਿਚ ਬਿਨਾਂ ਕਿਸੇ ਭੜਕਾਹਟ ਦੇ ਫਾਇਰਿੰਗ ਕੀਤੀ। ਥਲ ਸੈਨਾ ਦੇ ਅਧਿਕਾਰੀਆਂ ਨੇ ਕਿਹਾ ਕਿ 30 ਅਪ੍ਰੈਲ ਤੇ 1 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਫੌਜ ਦੀਆਂ ਚੌਕੀਆਂ ਤੋਂ ਜੰਮੂ ਕਸ਼ਮੀਰ ਵਿਚ ਐੱਲਓਸੀ ਦੇ ਨਾਲ ਕੁੱਪਵਾੜਾ, ਉੜੀ ਤੇ ਅਖਨੂਰ ਸੈਕਟਰਾਂ ਵਿਚ ਬਿਨ੍ਹਾਂ ਕਿਸੇ ਭੜਕਾਹਟ ਦੇ ਛੋਟੇ ਹਥਿਆਰਾਂ ਨਾਲ ਫਾਇਰੰਗ ਕੀਤੀ। ਭਾਰਤੀ ਫੌਜ ਨੇ ਇਸ ਗੋਲੀਬਾਰੀ ਦਾ ਢੁੱਕਵਾਂ ਜਵਾਬ ਦਿੱਤਾ।
ਸ਼ੁਰੂਆਤ ਵਿੱਚ ਉੱਤਰੀ ਕਸ਼ਮੀਰ ਦੇ ਕੁਪਵਾੜਾ ਅਤੇ ਬਾਰਾਮੂਲਾ ਜਿ਼ਲ੍ਹਿਆਂ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੀਆਂ ਕਈ ਚੌਕੀਆਂ ’ਤੇ ਬਿਨਾਂ ਕਿਸੇ ਭੜਕਾਹਟ ਦੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਹੋਈ, ਪਰ ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਨੂੰ ਪੁਣਛ ਸੈਕਟਰ ਅਤੇ ਬਾਅਦ ਵਿੱਚ ਜੰਮੂ ਖੇਤਰ ਦੇ ਅਖਨੂਰ ਸੈਕਟਰ ਤੱਕ ਵਧਾ ਦਿੱਤਾ।
ਇਸ ਤੋਂ ਬਾਅਦ ਮੰਗਲਵਾਰ ਰਾਤ ਨੂੰ ਰਾਜੌਰੀ ਜਿ਼ਲ੍ਹੇ ਦੇ ਸੁੰਦਰਬਨੀ ਅਤੇ ਨੌਸ਼ਹਿਰਾ ਸੈਕਟਰਾਂ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੀਆਂ ਕਈ ਚੌਕੀਆਂ ’ਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ। ਇਸ ਤੋਂ ਬਾਅਦ ਬੁੱਧਵਾਰ ਨੂੰ ਜੰਮੂ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਰਗਵਾਲ ਸੈਕਟਰ ਤੱਕ ਗੋਲੀਬਾਰੀ ਦਾ ਵਿਸਥਾਰ ਕੀਤਾ।