ਵਾਸ਼ਿੰਗਟਨ, 1 ਮਈ (ਪੋਸਟ ਬਿਊਰੋ): ਅਮਰੀਕਾ ਅਤੇ ਯੂਕਰੇਨ ਨੇ ਬੁੱਧਵਾਰ ਨੂੰ ਇਕ ਇਤਿਹਾਸਕ ਆਰਥਿਕ ਸਮਝੌਤੇ ਦੀ ਘੋਸ਼ਣਾ ਕੀਤੀ, ਜਿਸ ਰਾਹੀਂ ਯੂਕਰੇਨ ਨੂੰ ਅਮਰੀਕੀ ਫੌਜੀ ਅਤੇ ਆਰਥਿਕ ਮਦਦ ਦੇ ਬਦਲੇ ਆਪਣੇ ਖਣਿਜ ਸਰੋਤਾਂ ਤੱਕ ਅਮਰੀਕਾ ਦੀ ਪਹੁੰਚ ਯਕੀਨੀ ਹੋਵੇਗੀ। ਕਈ ਹਫ਼ਤਿਆਂ ਤੱਕ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਬਾਅ ਤੋਂ ਬਾਅਦ ਦੋਨਾਂ ਦੇਸ਼ਾਂ ਵਿਚਕਾਰ ਇਹ ਸਮਝੌਤਾ ਹੋਇਆ ਹੈ, ਅਮਰੀਕਾ ਯੂਕਰੇਨ ’ਤੇ ਰੂਸੀ ਹਮਲਿਆਂ ਨੂੰ ਰੋਕਣ ਲਈ ਅਰਬਾਂ ਡਾਲਰ ਦੀ ਫੌਜੀ ਅਤੇ ਆਰਥਿਕ ਮਦਦ ਦੇਣ ਦੇ ਬਦਲੇ ਵਿਚ ਮੁਆਵਜ਼ਾ ਮੰਗ ਰਿਹਾ ਸੀ।
ਅਮਰੀਕਾ ਦੇ ਵਿੱਤ ਮੰਤਰੀ ਸਕਾਟ ਬੇਸੈਂਟ ਨੇ ‘ਐਕਸ’ ’ਤੇ ਪੋਸਟ ਕੀਤੇ ਇਕ ਵੀਡੀਓ ਵਿਚ ਕਿਹਾ ਕਿ ਇਹ ਭਾਗੀਦਾਰੀ ਅਮਰੀਕਾ ਨੂੰ ਯੂਕਰੇਨ ਨਾਲ ਨਿਵੇਸ਼ ਕਰਨ, ਯੂਕਰੇਨ ਦੀ ਵਿਕਾਸ ਸੰਪੱਤੀ ਦੀ ਵਰਤੋਂ ਕਰਨ, ਅਮਰੀਕੀ ਹੁਨਰ, ਪੂੰਜੀ ਅਤੇ ਪ੍ਰਸ਼ਾਸਨਕ ਮਿਆਰਾਂ ਨੂੰ ਲਾਗੂ ਕਰਨ ਦੀ ਇਜਾਜ਼ਤ ਦੇਵੇਗੀ, ਜੋਕਿ ਯੂਕਰੇਨ ਦੇ ਨਿਵੇਸ਼ ਮਾਹੌਲ ਵਿਚ ਸੁਧਾਰ ਲਿਆਉਣਗੇ ਅਤੇ ਆਰਥਿਕ ਸੁਧਾਰ ਨੂੰ ਤੇਜ਼ੀ ਦੇਣਗੇ।
ਇਹ ਐਲਾਨ ਉਸ ਸਮੇਂ ਹੋਇਆ ਹੈ ਜਦੋਂ ਟਰੰਪ ਰੂਸ ਅਤੇ ਯੂਕਰੇਨ ਦੇ ਆਗੂਆਂ ਨਾਲ ਜੰਗ ਖਤਮ ਕਰਨ ਲਈ ਗੱਲਬਾਤ ਕਰ ਰਹੇ ਹਨ ਅਤੇ ਲੰਮੇ ਸਮੇਂ ਤੋਂ ਚੱਲ ਰਹੀ ਲੜਾਈ ਤੋਂ ਨਿਰਾਸ਼ ਹਨ। ਅਮਰੀਕੀ ਰਾਸ਼ਟਰਪਤੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੈਂਸਕੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਨੀਤੀਆਂ ਕਰਕੇ ਜੰਗ ਲੰਮੀ ਹੋ ਰਹੀ ਹੈ ਅਤੇ ਨਿਰਦੋਸ਼ ਲੋਕ ਮਾਰੇ ਜਾ ਰਹੇ ਹਨ। ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਵੀ ਆਲੋਚਨਾ ਕੀਤੀ ਹੈ ਕਿ ਉਹ ਘਾਤਕ ਹਮਲਿਆਂ ਨੂੰ ਰੋਕਣ ਬਾਰੇ ਗੱਲਬਾਤ ਨੂੰ ਔਖਾ ਬਣਾ ਰਹੇ ਹਨ।
ਦੋਨਾਂ ਪੱਖਾਂ ਨੇ ਸਮਝੌਤੇ ਬਾਰੇ ਸਿਰਫ਼ ਆਮ ਜਾਣਕਾਰੀ ਦਿੱਤੀ ਹੈ, ਪਰ ਉਮੀਦ ਹੈ ਕਿ ਇਸ ਨਾਲ ਅਮਰੀਕਾ ਨੂੰ ਯੂਕਰੇਨ ਦੇ ਕੀਮਤੀ ਅਤੇ ਦੁਰਲਭ ਖਣਿਜਾਂ ਤੱਕ ਪਹੁੰਚ ਮਿਲੇਗੀ, ਜਦੋਂ ਕਿ ਰੂਸ ਨਾਲ ਚੱਲ ਰਹੀ ਲੜਾਈ ਦੌਰਾਨ ਕੀਵ ਨੂੰ ਅਮਰੀਕੀ ਸਮਰਥਨ ਮਿਲਦਾ ਰਹੇਗਾ। ਇਹ ਸਮਝੌਤਾ ਉਦੋਂ ਤੱਕ ਲਾਗੂ ਨਹੀਂ ਹੋਵੇਗਾ ਜਦੋਂ ਤੱਕ ਇਸ ਨੂੰ ਯੂਕਰੇਨ ਦੀ ਸੰਸਦ ਦੀ ਮਨਜ਼ੂਰੀ ਨਹੀਂ ਮਿਲ ਜਾਂਦੀ। ਪ੍ਰਧਾਨ ਮੰਤਰੀ ਡੇਨਿਸ ਸ਼ਮਹਿਲ ਨੇ ਯੂਕਰੇਨ ਦੇ ਇਕ ਟੀਵੀ ਸੰਦੇਸ਼ ਵਿੱਚ ਕਿਹਾ ਕਿ ਯੂਕਰੇਨ ਦੀ ਆਰਥਿਕਤਾ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਯੂਲੀਆ ਸਵੀਰੀਡੇਂਕੋ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਬੁੱਧਵਾਰ ਨੂੰ ਵਾਸ਼ਿੰਗਟਨ ਪਹੁੰਚੀਆਂ ਸਨ।