ਇਸਲਾਮਾਬਾਦ, 30 ਅਪ੍ਰੈ਼ਲ (ਪੋਸਟ ਬਿਊਰੋ): ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਬਿਆਨ ਤੋਂ ਪਹਿਲਗਾਮ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ ਵਾਲੇ ਸੰਗਠਨ, ਦ ਰੇਸਿਸਟੈਂਸ ਫਰੰਟ (ਟੀਆਰਐੱਫ) ਦਾ ਨਾਮ ਹਟਾਉਣ ਲਈ ਦਬਾਅ ਪਾਇਆ ਸੀ। ਰਿਪੋਰਟਾਂ ਅਨੁਸਾਰ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਬੁੱਧਵਾਰ ਨੂੰ ਸੈਨੇਟ ਵਿੱਚ ਦਿੱਤੇ ਇੱਕ ਬਿਆਨ ਵਿੱਚ ਇਹ ਸਵੀਕਾਰ ਕੀਤਾ ਹੈ।
ਪਾਕਿਸਤਾਨ ਇਸ ਸਮੇਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਅਸਥਾਈ ਮੈਂਬਰ ਹੈ। ਸੁਰੱਖਿਆ ਪ੍ਰੀਸ਼ਦ ਦੇ ਨਿੰਦਾ ਬਿਆਨ ਲਈ ਸਾਰੇ ਮੈਂਬਰਾਂ ਦੀ ਸਹਿਮਤੀ ਜ਼ਰੂਰੀ ਹੈ।
ਇਸਹਾਕ ਡਾਰ ਨੇ ਕਿਹਾ ਕਿ ਅਮਰੀਕਾ ਨੇ ਹਮਲੇ ਦੀ ਨਿੰਦਾ ਕਰਨ ਲਈ ਇੱਕ ਮਤਾ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਮੈਨੂੰ ਮਤੇ ਦੀ ਕਾਪੀ ਮਿਲੀ, ਤਾਂ ਉਸ 'ਤੇ ਸਿਰਫ਼ ਪਹਿਲਗਾਮ ਲਿਖਿਆ ਹੋਇਆ ਸੀ ਅਤੇ ਹਮਲੇ ਲਈ ਦ ਰੇਸਿਸਟੈਂਸ ਐੱਫ (ਟੀਆਰਐੱਫ) ਦਾ ਨਾਮ ਲਿਆ ਗਿਆ ਸੀ।
ਡਾਰ ਨੇ ਅੱਗੇ ਕਿਹਾ ਕਿ ਅਸੀਂ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਪਾਕਿਸਤਾਨ ਇਸ 'ਤੇ ਉਦੋਂ ਤੱਕ ਦਸਤਖਤ ਨਹੀਂ ਕਰੇਗਾ ਜਦੋਂ ਤੱਕ ਪਹਿਲਗਾਮ ਦੇ ਨਾਲ ਜੰਮੂ-ਕਸ਼ਮੀਰ ਦਾ ਵੀ ਜਿ਼ਕਰ ਨਹੀਂ ਕੀਤਾ ਜਾਂਦਾ ਅਤੇ ਟੀਆਰਐੱਫ ਦਾ ਨਾਮ ਨਹੀਂ ਹਟਾਇਆ ਜਾਂਦਾ। ਡਾਰ ਨੇ ਕਿਹਾ ਕਿ ਉਨ੍ਹਾਂ ਨੇ 2 ਦਿਨਾਂ ਤੱਕ ਇਸ ਮਤੇ 'ਤੇ ਦਸਤਖਤ ਨਹੀਂ ਕੀਤੇ। ਇਸ ਦੌਰਾਨ ਉਨ੍ਹਾਂ ਨੂੰ ਕਈ ਦੇਸ਼ਾਂ ਤੋਂ ਫੋਨ ਆਉਂਦੇ ਰਹੇ।
ਇਸਹਾਕ ਡਾਰ ਨੇ ਕਿਹਾ ਕਿ ਦੁਨੀਆਂ ਭਰ ਦੇ ਨੇਤਾ ਉਨ੍ਹਾਂ ਨੂੰ ਕਹਿੰਦੇ ਰਹੇ ਕਿ ਨਿੰਦਾ ਪ੍ਰਸਤਾਵ ਨਾ ਲਿਆਉਣ ਨਾਲ ਪਾਕਿਸਤਾਨ 'ਤੇ ਦੋਸ਼ ਲੱਗਣਗੇ। ਇਸ ਦੇ ਬਾਵਜੂਦ, ਉਹ ਆਪਣੇ ਦਾਅਵੇ 'ਤੇ ਡਟੇ ਰਹੇ। ਅੰਤ ਵਿੱਚ, ਪਾਕਿਸਤਾਨ ਦੇ ਦਬਾਅ ਹੇਠ, ਮਤਾ ਬਦਲ ਦਿੱਤਾ ਗਿਆ ਅਤੇ ਫਿਰ ਯੂਐੱਨਐੱਸਸੀ ਨੇ 25 ਅਪ੍ਰੈਲ ਨੂੰ ਇੱਕ ਬਿਆਨ ਜਾਰੀ ਕੀਤਾ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ 25 ਅਪ੍ਰੈਲ, 2025 ਨੂੰ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ। ਇਸ ਵਿੱਚ 26 ਲੋਕ ਮਾਰੇ ਗਏ ਸਨ। ਭਾਰਤ ਅਤੇ ਨੇਪਾਲ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਗਈ। ਯੂਐੱਨਐੱਸਸੀ ਨੇ ਕਿਹਾ ਕਿ ਹਰ ਰੂਪ ਵਿੱਚ ਅੱਤਵਾਦ ਅੰਤਰਰਾਸ਼ਟਰੀ ਸ਼ਾਂਤੀ ਲਈ ਇੱਕ ਵੱਡਾ ਖ਼ਤਰਾ ਹੈ ਅਤੇ ਹਮਲੇ ਦੇ ਦੋਸ਼ੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਹਾਲਾਂਕਿ, ਹਮਲੇ ਦੀ ਜਿ਼ੰਮੇਵਾਰੀ ਲੈਣ ਵਾਲੇ ਦ ਰੇਸਿਸਟੈਂਸ ਫਰੰਟ ਦਾ ਇਸ ਬਿਆਨ ਵਿੱਚ ਜਿ਼ਕਰ ਨਹੀਂ ਕੀਤਾ ਗਿਆ। ਪਹਿਲਗਾਮ ਹਮਲੇ ਦਾ ਉਦੇਸ਼ ਗੈਰ-ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਫਿਰਕੂ ਤਣਾਅ ਭੜਕਾਉਣਾ ਸੀ, ਪਰ ਬਿਆਨ ਵਿੱਚ ਇਸਦਾ ਵੀ ਜਿ਼ਕਰ ਨਹੀਂ ਕੀਤਾ ਗਿਆ।