ਨਵੀਂ ਦਿੱਲੀ, 30 ਅਪ੍ਰੈਲ (ਪੋਸਟ ਬਿਊਰੋ): ਜੰਮੂ-ਕਸ਼ਮੀਰ ਦੇ ਪਹਿਲਗਾਮ `ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ। ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਰੂਸ ਦੌਰਾ ਮੁਲਤਵੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ 9 ਮਈ ਨੂੰ ਮਾਸਕੋ `ਚ ਹੋਣ ਵਾਲੀ ਵਿਜੈ ਦਿਵਸ ਪਰੇਡ `ਚ ਸ਼ਾਮਿਲ ਨਹੀਂ ਹੋਣਗੇ। ਪ੍ਰਧਾਨ ਮੰਤਰੀ ਮੋਦੀ ਨੂੰ ਰੂਸ ਨੇ ਵਿਜੈ ਦਿਵਸ ਪਰੇਡ ਲਈ ਸੱਦਾ ਦਿੱਤਾ ਸੀ।
ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਗਲੇ ਮਹੀਨੇ ਮਾਸਕੋ `ਚ ਹੋਣ ਵਾਲੇ ਵਿਜੈ ਦਿਵਸ ਦੇ 80ਵੇਂ ਵਰ੍ਹੇਗੰਢ ਸਮਾਰੋਹ `ਚ ਸ਼ਾਮਿਲ ਨਹੀਂ ਹੋਣਗੇ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ 9 ਮਈ ਦੇ ਸਮਾਗਮ `ਚ ਪ੍ਰਧਾਨ ਮੰਤਰੀ ਮੋਦੀ ਦੀ ਥਾਂ ਲੈ ਸਕਦੇ ਹਨ।
ਰੂਸ 9 ਮਈ ਨੂੰ ਦੂਜੇ ਵਿਸ਼ਵ ਯੁੱਧ `ਚ ਨਾਜ਼ੀ ਜਰਮਨੀ ਉੱਤੇ ਜਿੱਤ ਦਾ ਜਸ਼ਨ ਮਨਾਉਂਦਾ ਹੈ ਅਤੇ ਇਸ ਸਾਲ ਰੂਸ ਨੇ ਚੁਣੇ ਹੋਏ ਸਹਿਯੋਗੀ ਦੇਸ਼ਾਂ ਦੇ ਆਗੂਆਂ ਨੂੰ 80ਵੀਂ ਵਰ੍ਹੇਗੰਢ ਦੇ ਜਸ਼ਨਾਂ `ਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਹੈ।