ਵਾਸਿ਼ੰਗਟਨ, 1 ਮਈ (ਪੋਸਟ ਬਿਊਰੋ): ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਬੁੱਧਵਾਰ ਰਾਤ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਗੱਲ ਕੀਤੀ। ਉਨ੍ਹਾਂ ਪਹਿਲਗਾਮ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਅਮਰੀਕਾ ਅੱਤਵਾਦ ਵਿਰੁੱਧ ਲੜਾਈ ਵਿੱਚ ਭਾਰਤ ਦੇ ਨਾਲ ਹੈ।
ਮਾਰਕੋ ਰੂਬੀਓ ਨੇ ਦੋਨਾਂ ਦੇਸ਼ਾਂ ਨੂੰ ਤਣਾਅ ਘਟਾਉਣ ਅਤੇ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਏਐੱਫਪੀ ਅਨੁਸਾਰ, ਸ਼ਾਹਬਾਜ਼ ਸ਼ਰੀਫ ਨੇ ਮਾਰਕੋ ਰੂਬੀਓ ਨਾਲ ਗੱਲਬਾਤ ਦੌਰਾਨ ਭਾਰਤ 'ਤੇ ਹਮਲਾਵਰ ਅਤੇ ਭੜਕਾਊ ਵਿਵਹਾਰ ਦਾ ਦੋਸ਼ ਲਗਾਇਆ।
ਸ਼ਰੀਫ ਨੇ ਅਮਰੀਕਾ ਨੂੰ ਅਪੀਲ ਕੀਤੀ ਕਿ ਉਹ ਭਾਰਤ 'ਤੇ ਜਿ਼ੰਮੇਵਾਰੀ ਨਾਲ ਵਿਵਹਾਰ ਕਰਨ ਅਤੇ ਬਿਆਨਬਾਜ਼ੀ ਘਟਾਉਣ ਲਈ ਦਬਾਅ ਪਾਵੇ। ਇਹ ਵੀ ਕਿਹਾ ਕਿ ਭਾਰਤ ਦੇ ਭੜਕਾਊ ਰਵੱਈਏ ਕਾਰਨ ਅੱਤਵਾਦ ਵਿਰੁੱਧ ਪਾਕਿਸਤਾਨ ਦੀ ਚੱਲ ਰਹੀ ਕਾਰਵਾਈ ਪ੍ਰਭਾਵਿਤ ਹੋ ਸਕਦੀ ਹੈ। ਖੇਤਰੀ ਸਥਿਤੀ ਵਿਗੜ ਸਕਦੀ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੈਮੀ ਬਰੂਸ ਨੇ ਕਿਹਾ ਕਿ ਮਾਰਕੋ ਰੂਬੀਓ ਨੇ ਫੋਨ 'ਤੇ ਜੈਸ਼ੰਕਰ ਨਾਲ ਇਕਜੁੱਟਤਾ ਪ੍ਰਗਟ ਕੀਤੀ ਅਤੇ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਵਿੱਚ ਜਾਨਾਂ ਗੁਆਉਣ ਵਾਲਿਆਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਾ ਅੱਤਵਾਦ ਵਿਰੁੱਧ ਭਾਰਤ ਦੇ ਨਾਲ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਭਾਰਤ ਨੂੰ ਇਸ ਹਮਲੇ ਲਈ ਪਾਕਿਸਤਾਨ ਨੂੰ ਜਿ਼ੰਮੇਵਾਰ ਠਹਿਰਾਉਣ ਅਤੇ ਬਦਲਾ ਲੈਣ ਦੀ ਮੰਗ ਕਰਨ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ।
ਅਮਰੀਕੀ ਵਿਦੇਸ਼ ਮੰਤਰੀ ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਇਸ ਅਣਮਨੁੱਖੀ ਹਮਲੇ ਦੀ ਜਾਂਚ ਵਿੱਚ ਪੂਰਾ ਸਹਿਯੋਗ ਕਰਨ ਦੀ ਬੇਨਤੀ ਕੀਤੀ।