ਬੰਗਲੁਰੂ, 1 ਮਈ (ਪੋਸਟ ਬਿਊਰੋ): ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅਗਲੀ ਮਰਦਮਸ਼ੁਮਾਰੀ ਵਿੱਚ ਜਾਤੀ ਗਣਨਾ ਲਈ ਲੋੜੀਂਦੇ ਫੰਡ ਅਲਾਟ ਕੀਤੇ ਜਾਣ ਅਤੇ ਇਸ ਸਬੰਧੀ ਸਮਾਂ ਸੀਮਾ ਤੈਅ ਕੀਤੀ ਜਾਵੇ। ਗ਼ੌਰਤਲਬ ਹੈ ਕਿ ਬੀਤੇ ਦਿਨ ਕੇਂਦਰ ਸਰਕਾਰ ਨੇ ਆਗਾਮੀ ਮਰਦਮਸ਼ੁਮਾਰੀ ਵਿਚ ਜਾਤ ਆਧਾਰਤ ਗਿਣਤੀ ਕਰਾਉਣ ਦਾ ਫ਼ੈਸਲਾ ਕੀਤਾ ਹੈ।
ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਪ੍ਰਧਾਨ ਖੜਗੇ ਨੇ ਕਿਹਾ ਕਿ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਜਾਤੀ ਆਧਾਰਤ ਮਰਦਮਸ਼ੁਮਾਰੀ ਦੀ ਮੰਗ ਜ਼ੋਰ-ਸ਼ੋਰ ਨਾਲ ਕੀਤੀ ਸੀ ਅਤੇ ਦੇਸ਼ ਭਰ ਵਿੱਚ ਇਸ ਲਈ ਅੰਦੋਲਨ ਚਲਾਇਆ ਸੀ। ਉਨ੍ਹਾਂ ਕਿਹਾ ਕਿ ਹੁਣ ਉਹ ਖੁਸ਼ ਹਨ ਕਿ ਸਰਕਾਰ ਨੇ ਵਿਰੋਧੀ ਪਾਰਟੀਆਂ ਦੀ ਮੰਗ ਮੰਨ ਲਈ ਹੈ।
ਖੜਗੇ ਨੇ ਕਿਹਾ ਕਿ ਮੈਂ ਦੋ ਸਾਲ ਪਹਿਲਾਂ ਆਮ ਮਰਦਮਸ਼ੁਮਾਰੀ ਦੇ ਨਾਲ ਜਾਤੀ ਗਣਨਾ ਸਬੰਧੀ ਇੱਕ ਪੱਤਰ ਲਿਖਿਆ ਸੀ, ਪਰ ਉਹ (ਕੇਂਦਰ ਸਰਕਾਰ) ਉਦੋਂ ਸਹਿਮਤ ਨਹੀਂ ਸਨ, ਪਰ ਹੁਣ ਸਰਕਾਰ ਨੇ ਆਮ ਮਰਦਮਸ਼ੁਮਾਰੀ ਦੇ ਨਾਲ ਜਾਤੀ ਮਰਦਮਸ਼ੁਮਾਰੀ ਕਰਵਾਉਣ ਦਾ ਫੈਸਲਾ ਲਿਆ ਹੈ। ਇਹ ਚੰਗੀ ਗੱਲ ਹੈ ਅਤੇ ਅਸੀਂ ਇਸ ਲਈ ਪੂਰਾ ਸਹਿਯੋਗ ਦੇਵਾਂਗੇ, ਪਰ ਉਨ੍ਹਾਂ (ਭਾਜਪਾ) ਨੂੰ ਜਵਾਹਰ ਲਾਲ ਨਹਿਰੂ `ਤੇ ਬੇਲੋੜੀ ਟਿੱਪਣੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਉਹ ਅਜਿਹੀਆਂ ਚੀਜ਼ਾਂ ਦੇ ਖਿਲਾਫ਼ ਹਨ।
ਉਨ੍ਹਾਂ ਕਿਹਾ ਕਿ ਜਨ ਸੰਘ ਅਤੇ ਆਰਐੱਸਐੱਸ ਮੁੱਢ ਤੋਂ ਹੀ ਰਾਖਵੇਂਕਰਨ ਦੇ ਵਿਰੁੱਧ ਹਨ ਅਤੇ ਅਜਿਹੇ ਲੋਕ ਕਾਂਗਰਸ ਦੇ ਜਾਤੀ ਗਣਨਾ ਦੇ ਹੱਕ ਵਿੱਚ ਨਾ ਹੋਣ ਬਾਰੇ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਅਸੀਂ ਜਾਤੀ ਮਰਦਮਸ਼ੁਮਾਰੀ ਖਿਲਾਫ਼ ਹੁੰਦੇ, ਤਾਂ ਕੀ ਮੈਂ ਦੋ ਸਾਲ ਪਹਿਲਾਂ ਪੱਤਰ ਲਿਖਦਾ ਜਾਂ ਅਸੀਂ ਇਸ ਲਈ ਕਈ ਅੰਦੋਲਨ ਕਰਦੇ? ਉਹ (ਭਾਜਪਾ) ਲੋਕਾਂ ਦੇ ਮਨਾਂ ਵਿੱਚ ਭੰਬਲਭੂਸਾ ਪੈਦਾ ਕਰਨ ਦੀ ਕੋਸਿ਼ਸ਼ ਕਰਦੇ ਹਨ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਹੀ ਦੇਸ਼ ਦੇ ਭਲਾਈ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਹਨ। ਪਰ ਅਜਿਹਾ ਨਹੀਂ ਹੈ, ਮੈਂ ਸਹਿਮਤ ਨਹੀਂ ਹਾਂ। ਉਹ ਹਮੇਸ਼ਾ ਸਿਆਸੀ ਟੀਚਿਆਂ ਲਈ ਅਜਿਹੀਆਂ ਗੱਲਾਂ ਕਰਦੇ ਹਨ।