ਨਵੀਂ ਦਿੱਲੀ, 1 ਮਈ (ਪੋਸਟ ਬਿਊਰੋ): ਪਹਿਲਗਾਮ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਇਕ ਕਾਨੂੰਨੀ ਅਪੀਲ ਤੋਂ ਬਾਅਦ ਪ੍ਰਸਿੱਧ ਪਾਕਿਸਤਾਨੀ ਅਦਾਕਾਰਾਂ ਮਾਹਿਰਾ ਖਾਨ, ਹਨੀਆ ਆਮਿਰ, ਸਨਮ ਸਈਦ ਅਤੇ ਅਲੀ ਜ਼ਫਰ ਦੇ ਇੰਸਟਾਗ੍ਰਾਮ ਅਕਾਊਂਟ ਭਾਰਤ ਵਿਚ ਬਲਾਕ ਕਰ ਦਿੱਤੇ ਗਏ ਹਨ। ਜਦੋਂ ਭਾਰਤ ਵਿਚ ਉਪਭੋਗਤਾਵਾਂ ਨੇ ਇਨ੍ਹਾਂ ਕਲਾਕਾਰਾਂ ਦੇ ਪੰਨਿਆਂ (ਇੰਸਟਾਗ੍ਰਾਮ ਅਕਾਉਂਟ) ਤੱਕ ਪਹੁੰਚ ਕਰਨ ਦੀ ਕੋਸਿ਼ਸ਼ ਕੀਤੀ ਤਾਂ, ‘‘ਭਾਰਤ ਵਿਚ ਖਾਤਾ ਉਪਲਬਧ ਨਹੀਂ ਹੈ। ਕਿਉਂਕਿ ਅਸੀਂ ਇਸ ਸਮੱਗਰੀ ਨੂੰ ਸੀਮਤ ਕਰਨ ਲਈ ਇਕ ਕਾਨੂੰਨੀ ਬੇਨਤੀ ਦੀ ਪਾਲਣਾ ਕੀਤੀ ਹੈ’’ ਇਹ ਸੰਦੇਸ਼ ਦੇਖਣ ਨੂੰ ਮਿਲਿਆ।
ਜਿ਼ਕਰਯੋਗ ਹੈ ਕਿ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ ਸੀ। ਇਸ ਤੋਂ ਇਲਾਵਾ ਪਾਕਿਸਤਾਨੀ ਅਦਾਕਾਰ ਬਿਲਾਲ ਅੱਬਾਸ, ਇਖਰਾ ਅਜ਼ੀਜ਼, ਆਇਜ਼ਾ ਖਾਨ, ਇਮਰਾਨ ਅੱਬਾਸ ਅਤੇ ਸਜਲ ਅਲੀ ਦੇ ਇੰਸਟਾਗ੍ਰਾਮ ਅਕਾਊਂਟ ਵੀ ਬਲਾਕ ਕਰ ਦਿੱਤੇ ਗਏ ਹਨ। ਪਾਕਿਸਤਾਨੀ ਸਟਾਰ ਫਵਾਦ ਖਾਨ ਦੀ ਫਿਲਮ ‘ਅਬੀਰ ਗੁਲਾਲ’ ਦੀ ਰਿਲੀਜ਼ ਵੀ ਹਮਲੇ ਤੋਂ ਬਾਅਦ ਲਟਕ ਗਈ ਹੈ। ਹਾਲਾਂਕਿ, ਫਵਾਦ ਖਾਨ ਦਾ ਇੰਸਟਾਗ੍ਰਾਮ ਅਕਾਊਂਟ ਭਾਰਤੀ ਉਪਭੋਗਤਾਵਾਂ ਲਈ ਪਹੁੰਚਯੋਗ ਹੈ।