ਫਲੋਰੀਡਾ, 16 ਜਨਵਰੀ (ਪੋਸਟ ਬਿਊਰੋ): ਈ-ਕਾਮਰਸ ਕੰਪਨੀ ਐਮਾਜ਼ਾਨ ਦੇ ਸੰਸਥਾਪਕ ਅਰਬਪਤੀ ਜੈਫ ਬੇਜੋਸ ਦੀ ਸਪੇਸ ਕੰਪਨੀ ਬਲੂ ਓਰੀਜਿਨ ਨੇ ਵੀਰਵਾਰ ਨੂੰ ਨਿਊ ਗਲੇਨ ਰਾਕੇਟ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਇਹ ਰਾਕੇਟ ਅਮਰੀਕੀ ਰਾਜ ਫਲੋਰੀਡਾ ਤੋਂ ਸਥਾਨਕ ਸਮੇਂ ਅਨੁਸਾਰ ਸਵੇਰੇ 2 ਵਜੇ ਲਾਂਚ ਕੀਤਾ ਗਿਆ। ਰਾਕੇਟ ਨੇ ਇਹ ਸਫਲਤਾ ਆਪਣੀ ਪਹਿਲੀ ਕੋਸਿ਼ਸ਼ ਵਿੱਚ ਹੀ ਹਾਸਿਲ ਕੀਤੀ ਹੈ। ਪਹਿਲਾਂ ਇਸਦੀ ਲਾਂਚਿੰਗ ਮੁਲਤਵੀ ਕਰ ਦਿੱਤੀ ਗਈ ਸੀ।
ਰਾਕੇਟ ਦੁਆਰਾ ਇੱਕ ਪ੍ਰੋਟੋਟਾਈਪ ਸੈਟੇਲਾਈਟ ਨੂੰ ਪੰਧ ਵਿੱਚ ਰੱਖਿਆ ਗਿਆ। ਇਸਨੇ ਲਾਂਚਿੰਗ ਤੋਂ ਸਿਰਫ਼ 13 ਮਿੰਟ ਬਾਅਦ ਆਪਣਾ ਮਿਸ਼ਨ ਪੂਰਾ ਕੀਤਾ। ਇਸ ਵਿਸ਼ਾਲ ਰਾਕੇਟ ਦੀ ਲੰਬਾਈ 98 ਮੀਟਰ ਹੈ। ਇਸਨੂੰ ਪੁਲਾੜ ਯਾਤਰੀਆਂ ਨੂੰ ਚੰਦਰਮਾ 'ਤੇ ਲਿਜਾਣ ਲਈ ਤਿਆਰ ਕੀਤਾ ਗਿਆ ਹੈ।
ਰਾਕੇਟ ਵਿੱਚ 7 ਇੰਜਣ ਹਨ। ਰਾਕੇਟ ਦੇ ਪਹਿਲੇ ਪੜਾਅ ਦੇ ਵੱਖ ਹੋਣ ਤੋਂ ਪਹਿਲਾਂ ਸਾਰੇ ਇੰਜਨਾਂ ਨੂੰ 3 ਮਿੰਟ ਤੋਂ ਵੱਧ ਸਮੇਂ ਲਈ ਚਲਦਾ ਰੱਖਿਆ ਗਿਆ ਸੀ। ਇਹ ਰਾਕੇਟ ਉਸੇ ਲਾਂਚ ਪੈਡ ਤੋਂ ਲਾਂਚ ਕੀਤਾ ਗਿਆ ਸੀ ਜਿੱਥੋਂ 50 ਸਾਲ ਪਹਿਲਾਂ ਮੈਰੀਨਰ ਅਤੇ ਪਾਇਨੀਅਰ ਪੁਲਾੜ ਯਾਨ ਲਾਂਚ ਕੀਤੇ ਗਏ ਸਨ।
ਰਾਕੇਟ ਲਾਂਚ ਕਰਨ ਤੋਂ ਇਲਾਵਾ, ਇਸਦੇ ਬੂਸਟਰ ਨੂੰ ਸਮੁੰਦਰ ਵਿੱਚ ਸੁਰੱਖਿਅਤ ਢੰਗ ਨਾਲ ਉਤਾਰਨ ਦੀ ਯੋਜਨਾ ਸੀ। ਹਾਲਾਂਕਿ, ਬੂਸਟਰ ਆਪਣੀ ਨਿਰਧਾਰਤ ਜਗ੍ਹਾ 'ਤੇ ਨਹੀਂ ਉਤਰ ਸਕਿਆ। ਜੈਫ ਬੇਜੋਸ ਨੇ ਇਸ ਲਈ ਮੁਆਫੀ ਵੀ ਮੰਗੀ।
ਇਹ ਬੂਸਟਰ ਦੁਬਾਰਾ ਵਰਤੋਂ ਲਈ ਤਿਆਰ ਕੀਤੇ ਗਏ ਹਨ। ਇਸਨੂੰ ਸਪੇਸਐਕਸ ਦੇ ਫਾਲਕਨ ਰਾਕੇਟ ਦੀ ਤਰਜ਼ 'ਤੇ ਡਿਜ਼ਾਈਨ ਕੀਤਾ ਗਿਆ ਹੈ, ਤਾਂ ਜੋ ਭਵਿੱਖ ਦੇ ਮਿਸ਼ਨਾਂ ਦੀ ਲਾਗਤ ਘਟਾਈ ਜਾ ਸਕੇ।
ਬੂਸਟਰ ਸਮੁੰਦਰ ਵਿੱਚ ਜੈਕਲੀਨ ਨਾਮਕ ਪਲੇਟਫਾਰਮ 'ਤੇ ਉਤਰਨਾ ਸੀ। ਬੇਜੋਸ ਨੇ ਇਸ ਪਲੇਟਫਾਰਮ ਦਾ ਨਾਮ ਆਪਣੀ ਮਾਂ ਦੇ ਨਾਮ 'ਤੇ ਰੱਖਿਆ ਹੈ। ਲੈਂਡਿੰਗ ਦੌਰਾਨ, ਬੂਸਟਰ ਇੰਜਣ ਸ਼ੁਰੂ ਹੋਣ ਤੋਂ ਪਹਿਲਾਂ ਹੀ, ਰਾਕੇਟ ਤੋਂ ਲਾਈਵ ਡਾਟਾ ਕੱਟ ਦਿੱਤਾ ਗਿਆ ਸੀ।