ਨਵੀਂ ਦਿੱਲੀ, 6 ਅਗਸਤ (ਪੋਸਟ ਬਿਊਰੋ): ਜਲਾਵਤਨ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ, ਜੋ ਫਿਰਕਾਪ੍ਰਸਤੀ ਦੀ ਕੱਟੜ ਆਲੋਚਕ ਹਨ। ਉਨ੍ਹਾਂ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਸ਼ੇਖ ਹਸੀਨਾ ਦੇ ਅਸਤੀਫੇ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਨਸਰੀਨ ਨੇ ਕਿਹਾ ਕਿ ਹਸੀਨਾ ਨੇ ਇਸਲਾਮਵਾਦੀਆਂ ਨੂੰ ਖੁਸ਼ ਕਰਨ ਲਈ ਉਸ ਨੂੰ ਬੰਗਲਾਦੇਸ਼ ਤੋਂ ਬਾਹਰ ਕੱਢ ਦਿੱਤਾ ਸੀ ਅਤੇ ਉਹੀ ਇਸਲਾਮਵਾਦੀ ਵਿਦਿਆਰਥੀ ਅੰਦੋਲਨ ਦਾ ਹਿੱਸਾ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕੀਤਾ ਸੀ।
ਬੰਗਲਾਦੇਸ਼ੀ ਲੇਖਿਕਾ ਅਤੇ ਕਾਰਕੁਨ ਤਸਲੀਮਾ ਨਸਰੀਨ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼ੇਖ ਹਸੀਨਾ ਅਤੇ ਪ੍ਰਦਰਸ਼ਨਕਾਰੀਆਂ ਦਾ ਜਿ਼ਕਰ ਕੀਤਾ ਹੈ। ਤਸਲੀਮਾ ਨਸਰੀਨ ਨੇ ਕਿਹਾ, 'ਇਸਲਾਮਿਕ ਕੱਟੜਪੰਥੀਆਂ ਨੂੰ ਖੁਸ਼ ਕਰਨ ਲਈ ਹਸੀਨਾ ਨੇ ਮੈਨੂੰ 1999 'ਚ ਮੇਰੇ ਦੇਸ਼ 'ਚੋਂ ਬਾਹਰ ਕੱਢ ਦਿੱਤਾ ਸੀ, ਜਦੋਂ ਮੈਂ ਆਪਣੀ ਮਾਂ ਨੂੰ ਮੌਤ ਦੇ ਬਿਸਤਰੇ 'ਤੇ ਦੇਖਣ ਲਈ ਬੰਗਲਾਦੇਸ਼ 'ਚ ਦਾਖਲ ਹੋਈ ਸੀ ਅਤੇ ਮੈਨੂੰ ਦੁਬਾਰਾ ਦੇਸ਼ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਵਿਦਿਆਰਥੀ ਅੰਦੋਲਨ ਵਿੱਚ ਉਹੀ ਇਸਲਾਮਿਕ ਕੱਟੜਪੰਥੀ ਸ਼ਾਮਿਲ ਹੋਏ ਹਨ, ਜਿਨ੍ਹਾਂ ਨੇ ਅੱਜ ਹਸੀਨਾ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕੀਤਾ ਹੈ।
ਤਸਲੀਮਾ ਨਸਰੀਨ 'ਤੇ ਬੰਗਲਾਦੇਸ਼ 'ਚ ਪਾਬੰਦੀ ਲਗਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਹ ਭਾਰਤ ਆ ਕੇ ਰਹਿਣ ਲੱਗ ਪਏ ਸਨ। ਤਸਲੀਮਾ ਨਸਰੀਨ ਨੇ ਕਿਹਾ ਕਿ ਹਸੀਨਾ ਨੂੰ ਅਸਤੀਫਾ ਦੇ ਕੇ ਦੇਸ਼ ਛੱਡਣਾ ਪਿਆ, ਆਪਣੀ ਸਥਿਤੀ ਲਈ ਉਹ ਖੁਦ ਜਿ਼ੰਮੇਵਾਰ ਹਨ। ਉਨ੍ਹਾਂ ਨੇ ਇਸਲਾਮੀ ਕੱਟੜਪੰਥੀਆਂ ਨੂੰ ਵਧਣ-ਫੁੱਲਣ ਦਿੱਤਾ, ਉਨ੍ਹਾਂਨੇ ਆਪਣੇ ਹੀ ਲੋਕਾਂ ਨੂੰ ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਹੋਣ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਹੁਣ ਬੰਗਲਾਦੇਸ਼ ਪਾਕਿਸਤਾਨ ਵਰਗਾ ਨਹੀਂ ਬਣਨਾ ਚਾਹੀਦਾ। ਫੌਜ ਨੂੰ ਰਾਜ ਨਹੀਂ ਕਰਨਾ ਚਾਹੀਦਾ। ਸਿਆਸੀ ਪਾਰਟੀਆਂ ਨੂੰ ਲੋਕਤੰਤਰ ਅਤੇ ਧਰਮ ਨਿਰਪੱਖਤਾ ਲਿਆਉਣੀ ਚਾਹੀਦੀ ਹੈ।