ਇੰਫਾਲ, 27 ਜੁਲਾਈ (ਪੋਸਟ ਬਿਊਰੋ): ਮਨੀਪੁਰ ਦੇ ਪੰਜ ਜਿ਼ਲ੍ਹਿਆਂ ਵਿੱਚ ਸੁਰੱਖਿਆ ਬਲਾਂ ਨੇ ਅੱਜ ਕਈ ਥਾਵਾਂ ਤੋਂ 90 ਬੰਦੂਕਾਂ ਅਤੇ 700 ਤੋਂ ਵੱਧ ਗੋਲਾ ਬਾਰੂਦ ਅਤੇ ਵਿਸਫੋਟਕ ਪਦਾਰਥ ਜ਼ਬਤ ਕੀਤੇ ਹਨ। ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਵਿਚੋਂ ਕਈ ਹਥਿਆਰ ਸੂਬੇ ਵਿਚ ਮਈ 2023 ਵਿੱਚ ਨਸਲੀ ਹਿੰਸਾ ਵੇਲੇ ਪੁਲਿਸ ਦੇ ਅਸਲਾਖਾਨਿਆਂ ਤੋਂ ਲੁੱਟੇ ਗਏ ਸਨ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇੰਫਾਲ ਪੂਰਬੀ, ਇੰਫਾਲ ਪੱਛਮੀ, ਥੌਬਲ, ਕਾਕਚਿੰਗ ਅਤੇ ਬਿਸ਼ਨੂਪੁਰ ਜਿ਼ਲ੍ਹਿਆਂ ਵਿੱਚ ਕਈ ਥਾਵਾਂ ’ਤੇ ਇੱਕੋ ਵੇਲੇ ਕਾਰਵਾਈਆਂ ਕੀਤੀਆਂ।
ਇਹ ਕਾਰਵਾਈ ਮਨੀਪੁਰ ਪੁਲਿਸ, ਸੀਆਰਪੀਐੱਫ, ਬੀਐੱਸਐੱਫ, ਫੌਜ ਅਤੇ ਅਸਾਮ ਰਾਈਫਲਜ਼ ਦੀਆਂ ਸਾਂਝੀਆਂ ਟੀਮਾਂ ਨੇ ਕੀਤੀ ਤੇ 90 ਹਥਿਆਰ ਬਰਾਮਦ ਕੀਤੇ ਜਿਨ੍ਹਾਂ ਵਿੱਚ ਏਕੇ ਸੀਰੀਜ਼ ਦੇ ਤਿੰਨ, ਇੱਕ ਐੱਮ16 ਰਾਈਫਲ, ਪੰਜ ਆਈਐੱਨਐੱਸਏਐੱਸ ਰਾਈਫਲ, ਇੱਕ ਆਈਐੱਨਐੱਸਏਐੱਸ ਐੱਲਐੱਮਜੀ, ਚਾਰ ਐਸਐਲਆਰ, 20 ਪਿਸਤੌਲ, ਚਾਰ ਕਾਰਬਾਈਨ, ਸੱਤ .303 ਰਾਈਫਲ ਅਤੇ ਅੱਠ ਹੋਰ ਰਾਈਫਲਾਂ ਸ਼ਾਮਿਲ ਹਨ। ਪੁਲਿਸ ਹੈਡਕੁਆਰਟਰ ਵਿਚ ਆਈਜੀ ਜ਼ੋਨ 2 ਕਬੀਬ ਕੇ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਕਈ ਹਥਿਆਰ ਪੁਲਿਸ ਦੇ ਅਸਲੇਖਾਨਿਆਂ ਤੋਂ ਲੁੱਟੇ ਗਏ ਸਨ। ਦੱਸਣਾ ਬਣਦਾ ਹੈ ਕਿ ਸਾਲ 2023 ਦੀ ਹਿੰਸਾ ਤੋਂ ਬਾਅਦ ਪੁਲਿਸ ਦੇ ਵੱਖ ਵੱਖ ਅਸਲਾਖਾਨਿਆਂ ਤੋਂ ਛੇ ਹਜ਼ਾਰ ਦੇ ਕਰੀਬ ਹਥਿਆਰ ਖੋਹੇ ਗਏ ਸਨ।
ਡੀਜੀਪੀ ਰਾਜੀਵ ਸਿੰਘ ਨੇ ਕਿਹਾ ਕਿ ਸੁਰੱਖਿਆ ਬਲ ਮਨੀਪੁਰ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਹਾਲ ਕਰਨ ਲਈ ਵਚਨਬਧ ਹਨ। ਲੁੱਟੇ ਗਏ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਇਨ੍ਹਾਂ ਯਤਨਾਂ ਦਾ ਹੀ ਨਤੀਜਾ ਹੈ। ਕਾਰਗਿਲ ਵਿਜੈ ਦਿਵਸ ਮੌਕੇ ਡੀਜੀਪੀ ਨੇ ਕਿਹਾ ਕਿ ਖੇਤਰ ਵਿਚ ਸ਼ਾਂਤੀ ਬਣਾਈ ਰੱਖਣ ਲਈ ਸ਼ੱਕੀ ਖੇਤਰਾਂ ਵਿੱਚ ਨਿਯਮਤ ਗਸ਼ਤ ਕੀਤੀ ਜਾ ਰਹੀ ਹੈ।