ਨਵੀਂ ਦਿੱਲੀ, 26 ਜੁਲਾਈ (ਪੋਸਟ ਬਿਊਰੋ): ਕੁੱਲ 17 ਸੰਸਦ ਮੈਂਬਰਾਂ ਨੂੰ ਲੋਕ ਸਭਾ `ਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਾਲ 2025 ਲਈ ‘ਸੰਸਦ ਰਤਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ । ਇਨ੍ਹਾਂ `ਚ ਸੁਪ੍ਰੀਆ ਸੁਲੇ, ਭਾਜਪਾ ਦੇ ਰਵੀ ਕਿਸ਼ਨ, ਸਿ਼ਵ ਸੈਨਾ ਦੇ ਨਿਸ਼ੀਕਾਂਤ ਦੂਬੇ ਅਤੇ ਅਰਵਿੰਦ ਸਾਵੰਤ ਸਮੇਤ ਕਈ ਪ੍ਰਮੁੱਖ ਸੰਸਦ ਮੈਂਬਰ ਸ਼ਾਮਿਲ ਹਨ। ਇਹ ਪੁਰਸਕਾਰ ਸੰਸਦ `ਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਅਤੇ ਸਰਗਰਮ ਭਾਗੀਦਾਰੀ ਲਈ ਦਿੱਤਾ ਗਿਆ ਹੈ।
ਵਿੱਤ ਬਾਰੇ ਸਥਾਈ ਕਮੇਟੀ ਅਤੇ ਡਾ. ਚਰਨਜੀਤ ਸਿੰਘ ਚੰਨੀ (ਕਾਂਗਰਸ) ਦੀ ਅਗਵਾਈ ਵਾਲੀ ਖੇਤੀਬਾੜੀ ਬਾਰੇ ਸਥਾਈ ਕਮੇਟੀ ਨੂੰ ਉਨ੍ਹਾਂ ਦੀਆਂ ਰਿਪੋਰਟਾਂ ਦੀ ਗੁਣਵੱਤਾ ਅਤੇ ਵਿਧਾਨਕ ਨਿਗਰਾਨੀ `ਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਹੈ।
ਚਾਰ ਸੰਸਦ ਮੈਂਬਰਾਂ ਨੂੰ ਵਿਸ਼ੇਸ਼ ਜਿਊਰੀ ਸਨਮਾਨ ਮਿਲਿਆ
ਇਸ ਵਾਰ ਚਾਰ ਸੰਸਦ ਮੈਂਬਰਾਂ ਨੂੰ ਵਿਸ਼ੇਸ਼ ਜਿਊਰੀ ਪੁਰਸਕਾਰ ਵੀ ਦਿੱਤਾ ਗਿਆ, ਜੋ ਕਿ ਲਗਾਤਾਰ ਤਿੰਨ ਕਾਰਜਕਾਲਾਂ ਦੌਰਾਨ ਸੰਸਦੀ ਲੋਕਤੰਤਰ `ਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਦਿੱਤਾ ਗਿਆ ਸੀ। ਇਨ੍ਹਾਂ `ਚ ਉੜੀਸਾ ਤੋਂ ਭਾਜਪਾ ਦੇ ਭਰਤਰੁਹਰੀ ਮਹਿਤਾਬ, ਕੇਰਲ ਤੋਂ ਇਨਕਲਾਬੀ ਸਮਾਜਵਾਦੀ ਪਾਰਟੀ ਦੇ ਆਗੂ ਐੱਨ.ਕੇ. ਪ੍ਰੇਮਚੰਦਰਨ, ਮਹਾਰਾਸ਼ਟਰ ਤੋਂ ਸੁਪ੍ਰੀਆ ਸੁਲੇ ਅਤੇ ਸਿ਼ਵ ਸੈਨਾ ਦੇ ਸ਼੍ਰੀਰੰਗ ਅੱਪਾ ਬਾਰਨੇ ਸ਼ਾਮਿਲ ਹਨ।
ਇਨ੍ਹਾਂ ਸਾਰਿਆਂ ਨੇ 16ਵੀਂ ਲੋਕ ਸਭਾ ਤੋਂ ਬਾਅਦ ਸਭ ਤੋਂ ਵਧੀਆ ਪ੍ਰਦਰਸ਼ਨ ਬਰਕਰਾਰ ਰੱਖਿਆ ਹੈ। ਸਨਮਾਨਿਤ ਕੀਤੇ ਜਾਣ ਵਾਲੇ ਹੋਰ ਸੰਸਦ ਮੈਂਬਰਾਂ `ਚ ਸਮਿਤਾ ਉਦੈ ਵਾਘ (ਭਾਜਪਾ), ਨਰੇਸ਼ ਮਹਸਕੇ (ਸ਼ਿਵਸੈਨਾ), ਵਰਸ਼ਾ ਗਾਇਕਵਾੜ (ਕਾਂਗਰਸ), ਮੇਧਾ ਕੁਲਕਰਨੀ (ਭਾਜਪਾ), ਪ੍ਰਵੀਨ ਪਟੇਲ (ਭਾਜਪਾ), ਵਿਦਯੁਤ ਬਰਨ ਮਹਤੋ (ਭਾਜਪਾ) ਅਤੇ ਦਿਲੀਪ ਸੈਕੀਆ (ਭਾਜਪਾ) ਸ਼ਾਮਿਲ ਹਨ।
ਪ੍ਰਾਈਮ ਪੁਆਇੰਟ ਫਾਊਂਡੇਸ਼ਨ ਦੁਆਰਾ 2010 `ਚ ਸਥਾਪਿਤ, ‘ਸੰਸਦ ਰਤਨ ਪੁਰਸਕਾਰ’ ਉਨ੍ਹਾਂ ਸੰਸਦ ਮੈਂਬਰਾਂ ਨੂੰ ਦਿੱਤਾ ਜਾਂਦਾ ਹੈ ਜੋ ਸੰਸਦ `ਚ ਜਨਤਕ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਂਦੇ ਹਨ ਅਤੇ ਵਿਧਾਨਕ ਪ੍ਰਕਿਰਿਆ ‘ਚ ਸਰਗਰਮ ਭੂਮਿਕਾ ਨਿਭਾਉਂਦੇ ਹਨ। ਪੁਰਸਕਾਰ ਦੀ ਚੋਣ ਇੱਕ ਸੁਤੰਤਰ ਅਤੇ ਨਿਰਪੱਖ ਜਿਊਰੀ ਪ੍ਰਕਿਰਿਆ ਦੁਆਰਾ ਕੀਤੀ ਜਾਂਦੀ ਹੈ। 2025 ਦੀ ਜਿਊਰੀ ਦੀ ਪ੍ਰਧਾਨਗੀ ਸਾਬਕਾ ਕੇਂਦਰੀ ਮੰਤਰੀ ਹੰਸਰਾਜ ਅਹੀਰ ਨੇ ਕੀਤੀ ਸੀ।