ਨਵੀਂ ਦਿੱਲੀ, 29 ਜੁਲਾਈ (ਪੋਸਟ ਬਿਊਰੋ): ਯਮਨ ਵਿੱਚ ਕੈਦ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ 'ਤੇ ਸ਼ੱਕ ਹੋਰ ਵੀ ਡੂੰਘਾ ਹੋ ਗਿਆ ਹੈ। ਇੱਕ ਪਾਸੇ, ਭਾਰਤੀ ਗ੍ਰੈਂਡ ਮੁਫਤੀ ਕੰਥਾਪੁਰਮ ਏਪੀ ਅਬੂਬਕਰ ਮੁਸਲੀਅਰ ਦੇ ਦਫ਼ਤਰ ਨੇ ਦਾਅਵਾ ਕੀਤਾ ਹੈ ਕਿ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ, ਜੋ ਪਹਿਲਾਂ ਮੁਲਤਵੀ ਕੀਤੀ ਗਈ ਸੀ, ਹੁਣ ਰੱਦ ਕਰ ਦਿੱਤੀ ਗਈ ਹੈ।
ਦੂਜੇ ਪਾਸੇ, ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਨਿਮਿਸ਼ਾ ਦੀ ਸਜ਼ਾ ਰੱਦ ਕਰਨ ਦੀ ਜਾਣਕਾਰੀ ਨੂੰ ਗੁੰਮਰਾਹਕੁੰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਮੌਜੂਦਾ ਸਥਿਤੀ ਨੂੰ ਸਹੀ ਢੰਗ ਨਾਲ ਨਹੀਂ ਦਰਸਾਉਂਦੀ। ਦੱਸ ਦੇਈਏ ਕਿ ਮਾਮਲੇ ਦੀ ਜਾਂਚ ਕਰ ਰਹੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਰੱਦ ਹੋਣ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈ।
ਨਿਮਿਸ਼ਾ ਪ੍ਰਿਆ (37) ਨੂੰ ਜੂਨ 2018 ਵਿੱਚ ਇੱਕ ਯਮਨੀ ਨਾਗਰਿਕ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਸਨੂੰ 16 ਜੁਲਾਈ ਨੂੰ ਮੌਤ ਦੀ ਸਜ਼ਾ ਸੁਣਾਈ ਜਾਣੀ ਸੀ। ਹਾਲਾਂਕਿ, ਇਸ ਤੋਂ ਪਹਿਲਾਂ, 15 ਜੁਲਾਈ ਨੂੰ, ਨਿਮਿਸ਼ਾ ਦੀ ਸਜ਼ਾ ਨੂੰ ਅਸਥਾਈ ਤੌਰ `ਤੇ ਮੁਲਤਵੀ ਕਰ ਦਿੱਤਾ ਗਿਆ ਸੀ।
ਭਾਰਤੀ ਗ੍ਰੈਂਡ ਮੁਫਤੀ ਕੰਥਾਪੁਰਮ ਏਪੀ ਅਬੂਬਕਰ ਮੁਸਲੀਅਰ ਅਤੇ ਯਮਨ ਦੇ ਮਸ਼ਹੂਰ ਸੂਫੀ ਵਿਦਵਾਨ ਸ਼ੇਖ ਹਬੀਬ ਉਮਰ ਬਿਨ ਹਾਫਿਜ਼ ਨੇ 15 ਜੁਲਾਈ ਨੂੰ ਇਸ ਮੁੱਦੇ ‘ਤੇ ਚਰਚਾ ਕੀਤੀ। ਇਸ ਵਿੱਚ ਯਮਨ ਦੀ ਸੁਪਰੀਮ ਕੋਰਟ ਦੇ ਇੱਕ ਜੱਜ ਅਤੇ ਮ੍ਰਿਤਕ ਦਾ ਭਰਾ ਵੀ ਸ਼ਾਮਿਲ ਸੀ।