Welcome to Canadian Punjabi Post
Follow us on

30

January 2023
 
ਸੰਪਾਦਕੀ

ਡੱਗ ਫੋਰਡ ਦੇ ਪ੍ਰਭਾਵ ਦੇ ਪਰਤੱਖ ਕਾਰਣ

May 27, 2022 01:12 AM

ਪੰਜਾਬੀ ਪੋਸਟ ਸੰਪਾਦਕੀ
ਜਦੋਂ ਕੰਜ਼ਰਵੇਟਿਵਾਂ ਨੂੰ ਜ਼ਰਾ ਵੀ ਅੱਖੀਂ ਨਾ ਸੁਖਾਉਣ ਵਾਲਾ ਸੀ.ਬੀ.ਸੀ. ਵਰਗਾ ਅਦਾਰਾ ਵੀ ਐਲਾਨੀਆ ਰੂਪ ਵਿੱਚ ਕਬੂਲ ਕਰ ਲਵੇ ਕਿ ਉਂਟੇਰੀਓ ਚੋਣਾਂ ਵਿੱਚ ਡੱਗ ਫੋਰਡ ਦੇ ਕੰਜ਼ਰਵੇਟਿਵ ਦੀ ਚੜਾਈ ਜਾਰੀ ਹੈ ਤਾਂ ਇਹ ਅੰਦਾਜ਼ਾ ਲਾਉਣ ਵਿੱਚ ਔਖਿਆਈ ਨਹੀਂ ਹੁੰਦੀ ਕਿ 2 ਜੂਨ ਨੂੰ ਸਰਕਾਰ ਕਿਸ ਪਾਰਟੀ ਦੀ ਬਣੇਗੀ। ਅਸਲ ਵਿੱਚ ਚੋਣਾਂ ਦੇ ਜੋੜ ਤੋੜ ਦੇ ਸਿੱਟੇ ਕੱਢਣ ਲਈ ਸਰਵੇਖਣ ਕਰਨ ਵਾਲੀਆਂ ਮੇਨਸਟਰੀਟ/ਆਈ ਪਾਲਿਟਕਿਸ, ਨੈਨੋਜ਼/ਸੀਟੀਵੀ-ਸੀ ਪੀ24, ਇੰਨੋਵੇਟਿਵ ਰੀਸਰਚ ਗਰੁੱਪ, ਈਕੋਸ ਰੀਸਰਚ, ਐਬਾਕਸ ਡਾਟਾ ਅਤੇ ਲੀਜ਼ਰ/ਪੋਸਟ ਮੀਡੀਆ ਵਰਗੀਆਂ ਸਾਰੀਆਂ ਹੀ ਵੱਡੀਆਂ ਸੰਸਥਾਵਾਂ ਦੇ ਨਤੀਜੇ ਕੰਜ਼ਰਵੇਟਿਵਾਂ ਦੇ ਹੱਕ ਵਿੱਚ ਜਾਂਦੇ ਹਨ। ਇਹਨਾਂ ਸਾਰੇ ਸਰਵੇਖਣਾਂ ਦੇ ਆਧਾਰ ਉੱਤੇ ਇਹ ਗੱਲ ਚੂਨੇ ਵਿੱਚ ਇੱਟ ਵਾਗੂੰ ਸਾਬਤ ਹੋਈ ਦਿੱਸਦੀ ਹੈ ਕਿ ਉਂਟੇਰੀਓ ਵਿੱਚ ਕੰਜ਼ਰਵੇਟਿਵ ਪਾਰਟੀ ਹੀ ਬਹੁ ਗਿਣਤੀ ਸਰਕਾਰ ਬਣਾਏਗੀ। ਕੰਜ਼ਰਵੇਟਿਵ ਪਾਰਟੀ ਦਾ ਉਂਟੇਰੀਓ ਵਿੱਚ ਉੜੋਤਿੜੀ ਸਰਕਾਰ ਬਣਾਉਣਾ ਇੱਕ ਇਤਿਹਾਸ ਹੋਵੇਗਾ।

ਵੱਖੋ ਵੱਖਰੇ ਅਦਾਰਿਆਂ ਵਾਸਤੇ ਕੀਤੇ ਗਏ ਸਾਰੇ ਸਰਵੇਖਣ ਦੱਸਦੇ ਹਨ ਕਿ ਉਂਟੇਰੀਓ ਵਾਸੀਆਂ ਦਾ ਡੱਗ ਫੋਰਡ ਦੀ ਲੀਡਰਸਿ਼ੱਪ ਵਿੱਚ ਮਜ਼ਬੂਤ ਭਰੋਸਾ ਹੈ। ਜਿਹੜੇ ਖਾਸ ਮੁੱਦਿਆਂ ਉੱਤੇ ਇਹ ਚੋਣ ਲੜਾਈ ਲੜੀ ਜਾ ਰਹੀ ਹੈ, ਉਹਨਾਂ ਵਿੱਚ ਮਕਾਨ ਖਰੀਦਣ ਦੀ ਉਂਟੇਰੀਓ ਵਾਸੀਆਂ ਦੀ ਪਹੁੰਚ, ਕੋਵਿਡ 19 ਮਹਾਮਾਰੀ ਤੋਂ ਬਾਅਦ ਆਰਥਕਤਾ ਦੀ ਮੁੜ ਸੁਰਜੀਤੀ, ਬੁਨਿਆਦੀ ਢਾਂਚੇ (ਸੜਕਾਂ, ਪੁੱਲ, ਹਸਪਤਾਲ ਆਦਿ) ਦੀ ਨਿੱਗਰ ਉਸਾਰੀ ਅਤੇ ਸਿਹਤ ਸੇਵਾਵਾਂ ਦੀ ਮਜ਼ਬੂਤੀ ਪ੍ਰਮੁੱਖ ਹਨ। 55% ਤੋਂ ਵੱਧ ਉਂਟੇਰੀਓ ਵਾਸੀਆਂ ਦਾ ਯਕੀਨ ਹੈ ਕਿ ਡੱਗ ਫੋਰਡ ਕੋਲ ਠੋਸ ਅਤੇ ਨਿਰਲੇਪ ਫੈਸਲੇ ਕਰਨ ਦੀ ਅਜਿਹੀ ਸਮਰੱਥਾ ਹੈ ਜੋ ਲਿਬਰਲ ਆਗੂ ਡੈਲ ਡੂਕਾ ਅਤੇ ਐਨ ਡੀ ਪੀ ਲੀਡਰ ਐਂਡਰੀਆ ਹਾਵਰਥ ਕੋਲ ਨਹੀਂ ਹੈ। ਦਰਸਅਲ ਡੱਗ ਫੋਰਡ ਤੋਂ ਬਾਅਦ ਐਂਡਰੀਆ ਹਾਵਰਥ ਹੀ ਇੱਕ ਵਾਹਦ ਲੀਡਰ ਹੈ ਜਿਸ ਬਾਰੇ ਬਹੁ ਗਿਣਤੀ ਉਂਟੇਰੀਓ ਵਾਸੀਆਂ ਦਾ ਮੰਨਣਾ ਹੈ ਕਿ ਉਹ ਸਿਹਤ ਸੇਵਾਵਾਂ ਵਿੱਚ ਡੱਗ ਫੋਰਡ ਅਤੇ ਡੈਲ ਡੂਕਾ ਦੇ ਮੁਕਾਬਲੇ ਬਿਹਤਰ ਸੁਧਾਰ ਲਿਆ ਸਕਦੀ ਹੈ। ਅਸਚਰਜ ਇਸ ਗੱਲ ਦਾ ਹੈ ਕਿ ਪਬਲਿਕ ਨੂੰ ਲਿਬਰਲ ਆਗੂ ਡੈਲ ਡੂਕਾ ਬਾਰੇ ਯਕੀਨ ਨਹੀਂ ਕਿ ਉਹ ਕਿਸੇ ਵੀ ਮੁੱਦੇ ਉੱਤੇ ਡੱਗ ਫੋਰਡ ਅਤੇ ਐਂਡਰੀਆ ਹਾਵਰਥ ਨਾਲੋਂ ਵਧੀਆਂ ਕਾਰਗੁਜ਼ਾਰੀ ਵਿਖਾ ਸਕਦਾ ਹੈ।

ਜੇ ਗੱਲ ਕਿਸੇ ਵਿਸ਼ੇਸ਼ ਰਾਈਡਿੰਗ ਵਿੱਚ ਚੱਲ ਰਹੇ ਰੁਝਾਨਾਂ ਦੀ ਕਰਨੀ ਹੋਵੇ ਤਾਂ ਅਜਿਹੇ ਕੋਈ ਸਰਵੇਖਣ ਨਹੀਂ ਮਿਲਦੇ ਜਿਹੜੇ ਸਥਾਨਕ ਵੋਟਰਾਂ ਦੇ ਰਾਏ ਨੂੰ ਸਹੀ ਮਾਅਨਿਆਂ ਵਿੱਚ ਪਕੜ ਸਕਦੇ ਹੋਣ। www.338canada ਅਤੇ iPolitics ਦੁਆਰਾ ਦਿੱਤੇ ਗਏ ਦੋ ਰੁਝਾਨ ਜਰੂਰ ਮਿਲਦੇ ਹਨ। www.338canada ਅਨੁਸਾਰ ਬਰੈਂਪਟਨ ਦੀਆਂ ਸਾਰੀਆਂ ਸੀਟਾਂ ਉੱਤੇ ਕੰਜ਼ਰਵੇਟਿਵਾਂ ਦੇ ਜਿੱਤਣ ਦੀ ਉਮੀਦ ਹੈ। ਟੋਰਾਂਟੋ ਸਟਾਰ ਵੱਲੋਂ ਖਰੀਦੀ ਗਈ ਨਿਊਜ਼ ਵੈਬਸਾਈਟ iPolitics ਵੱਲੋਂ ਜੋ ਅਨੁਮਾਨ ਲਾਇਆ ਜਾਂਦਾ ਹੈ, ਉਹ ਸਥਾਨਕ ਲੋਕਾਂ ਦੀ ਵਰਤਮਾਨ ਚੋਣ ਵਿੱਚ ਰੁਚੀ ਨੂੰ ਨਾਪ ਕੇ ਨਹੀਂ ਕੀਤਾ ਜਾਂਦਾ। ਇਸਦੇ ਉਲਟ ਉਹ ਇੱਕ ਗੁੰਝਲਦਾਰ ਪ੍ਰਕਿਰਿਆ ਅਪਨਾਉਂਦੇ ਹਨ। ਇਸ ਵਿੱਚ ਬੀਤੇ ਸਾਲਾਂ ਵਿੱਚ ਸਿਆਸੀ ਪਾਰਟੀਆਂ ਨੂੰ ਮਿਲੀਆਂ ਵੋਟਾਂ ਅਤੇ ਮਿਲੀ ਜਿੱਤ ਦੇ ਮਿਸ਼ਰਣ ਨੂੰ ਮੈਥੇਮੈਟਿਕਸ ਦੇ ਕਈ ਫਾਰਮੂਲਿਆਂ ਦੇ ਸਹਾਰੇ ਅਨੁਮਾਨ ਲਾਇਆ ਜਾਂਦਾ ਹੈ। iPolitics ਵੀ ਬਰੈਂਪਨ ਵਿੱਚ ਕੰਜ਼ਰਵੇਟਿਵਾਂ ਦੀ ਜਿੱਤ ਨੂੰ ਸਹੀ ਮੰਨਦਾ ਹੈ।

ਚੋਣਾਂ ਦੇ ਆਖਰੀ ਹਫ਼ਤੇ ਵਿੱਚ ਕੰਜ਼ਰਵੇਟਿਵਾਂ, ਲਿਬਰਲ ਅਤੇ ਐਨ ਡੀ ਪੀ ਵੱਲੋਂ ਆਪੋ ਆਪਣੀ ਕੰਪੇਨ ਨੂੰ ਮਜ਼ਬੂਤੀ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਲੋਕਤੰਤਰ ਦੀ ਇਹੀ ਖੂਬੀ ਹੈ ਕਿ ਹਰ ਸਿਆਸੀ ਪਾਰਟੀ ਆਪਣੇ ਸਿਧਾਤਾਂ ਉੱਤੇ ਪਹਿਰਾ ਦੇਂਦੇ ਹੋਏ ਆਖਰੀ ਪਲ ਤੱਕ ਯੋਧੇ ਵਾਗੂੰ ਜੰਗ ਜਾਰੀ ਰੱਖੇ। ਇਸ ਪਰੀਪੇਖ ਤੋਂ ਕਿਹਾ ਜਾ ਸਕਦਾ ਹੈ ਕਿ ਚੋਣਾਂ ਦੇ ਨਤੀਜਿਆਂ ਦੇ ਨਾਲ ਨਾਲ ਚੋਣ ਜਿਸ ਭਾਵਨਾ ਨਾਲ ਲੜੀ ਜਾਂਦੀ ਹੈ, ਉਹ ਵੀ ਮਹੱਤਵਪੂਰਣ ਗੱਲ ਹੈ। ਇਸ ਭਾਵਨਾ ਦੇ ਪਰੀਪੇਖ ਵਿੱਚ ਅਗਲਾ ਹਫ਼ਤਾ ਚੋਣ ਮੁਕਾਬਲੇ ਨੂੰ ਹੋਰ ਵੀ ਦਿਲਚਸਪ ਬਣਾਉਣ ਵਾਲਾ ਹੋਵੇਗਾ।

 

 
Have something to say? Post your comment