Welcome to Canadian Punjabi Post
Follow us on

30

January 2023
 
ਸੰਪਾਦਕੀ

ਡੱਗ ਫੋਰਡ ਸਰਕਾਰ ਦੇ ਮੁੜ ਜਿੱਤਣ ਦੇ ਵੱਧ ਰਹੇ ਆਸਾਰ

May 13, 2022 10:52 AM

ਪੰਜਾਬੀ ਪੋਸਟ ਸੰਪਾਦਕੀ
ਉਂਟੇਰੀਓ ਵਿੱਚ ਡੱਗ ਫੋਰਡ ਸਰਕਾਰ ਦੇ ਮੁੜ ਸੱਤਾ ਵਿੱਚ ਪਰਤਣ ਬਾਰੇ ਕਿਆਸ ਅਰਾਈਂਆਂ ਦਿਨੋਂ ਦਿਨ ਮਜ਼ਬੂਤ ਹੁੰਦੀਆਂ ਜਾ ਰਹੀਆਂ ਹਨ। ਇੱਥੇ ਤੱਕ ਕਿ ਆਮ ਕਰਕੇ ਉਂਟੇਰੀਓ ਸਰਕਾਰ ਦੀ ਨੁਕਤਾਚੀਨੀ ਕਰਨ ਵਾਲੇ ਟੋਰਾਂਟੋ ਸਟਾਰ ਵਰਗੇ ਅਖਬਾਰ ਵੀ ਇਹ ਆਖ ਰਹੇ ਕਿ ਡੱਗ ਫੋਰਡ ਦੇ ਦੁਬਾਰਾ ਸੱਤਾ ਵਿੱਚ ਆਉਣ ਦੇ ਪੂਰੇ ਆਸਾਰ ਹਨ। 338Canada ਵੈੱਬਸਾਈਟ ਦੇ ਇਸ ਹਫ਼ਤੇ (11 ਮਈ 2022) ਦੇ ਅਨੁਮਾਨ ਦੱਸਦੇ ਹਨ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਸਰਕਾਰ ਬਣਾਏ ਜਾਣ ਦੇ 81% ਚਾਂਸ ਹਨ। ਪੀ ਸੀ ਪਾਰਟੀ ਨੂੰ 2018 ਵਿੱਚ 68 ਸੀਟਾਂ ਪ੍ਰਾਪਤ ਹੋਈਆਂ ਸਨ ਜਿਹਨਾਂ ਦੀ ਗਿਣਤੀ 2 ਜੂਨ ਨੂੰ ਵੱਧ ਕੇ 80 ਜਾਂ ਇਸਤੋਂ ਵੱਧ ਹੋ ਸਕਦੀ ਹੈ। 338Canada ਇੱਕ ਰਾਜਨੀਤਕ ਸੋਚ ਤੋਂ ਮੁਕਤ ਚੋਣਾਂ ਦਾ ਵਿਸ਼ਲੇਸ਼ਣ ਕਰਨ ਵਾਲੀ ਵੈੱਬਸਾਈਟ ਹੈ ਜਿਸਨੂੰ ਮਾਂਟਰੀਅਲ ਦੇ ਫਿਜ਼ੀਕਸ ਅਤੇ ਖਗੋਲ ਭੌਤਿਕੀ ਦੇ ਪ੍ਰੋਫੈਸਰ ਫਿਲਿਪ ਫੋਰਨੀਏ ਵੱਲੋਂ ਚਲਾਇਆ ਜਾਂਦਾ ਹੈ। 2017 ਤੋਂ ਇਹ ਵੈੱਬਸਾਈਟ ਲੱਗਭਗ ਸਾਰੀਆਂ ਫੈਡਰਲ ਅਤੇ ਪ੍ਰੋਵਿੰਸ਼ੀਅਲ ਚੋਣਾਂ ਦਾ ਸਫ਼ਲਤਾ ਨਾਲ ਵਿਸ਼ਲੇਸ਼ਣ ਕਰਦੀ ਆ ਰਹੀ ਹੈ।

ਕੱਲ ਜਾਰੀ ਹੋਏ Legal Poll ਦੇ ਸਰਵੇਖਣ ਅਨੁਸਾਰ ਗਰੇਟਰ ਟੋਰਾਂਟੋ ਏਰੀਆ ਵਿੱਚ ਪੀ ਸੀ ਪਾਰਟੀ ਨੂੰ 50% ਤੋਂ ਵੱਧ ਵੋਟਾਂ ਪ੍ਰਾਪਤ ਹੋਣਗੀਆਂ ਜਦੋਂ ਕਿ ਲਿਬਰਲ ਪਾਰਟੀ ਨੂੰ 22%, ਐਨ ਡੀ ਪੀ ਨੂੰ 20% ਅਤੇ ਗਰੀਨ ਪਾਰਟੀ 4 ਕੁ ਪ੍ਰਤੀਸ਼ਤ ਵੋਟਾਂ ਹਾਸਲ ਕਰ ਸਕੇਗੀ। ਇਸ ਸਾਲ ਲਿਬਰਲ ਪਾਰਟੀ ਬੇਸ਼ੱਕ ਆਪਣੀ 2018 ਦੀ ਕਾਰਗੁਜ਼ਾਰੀ ਵਿੱਚ 20 ਸੀਟਾਂ ਲੈ ਕੇ ਅੱਛਾ ਖਾਸਾ ਸੁਧਾਰ ਕਰ ਸਕੇਗੀ ਪਰ ਐਨ ਡੀ ਪੀ (23 ਸੀਟਾਂ) ਤੋਂ ਪਿੱਛੇ ਹੀ ਰਹਿਣ ਦੀ ਸੰਭਾਵਨਾ ਹੈ। ਇਹ ਅਨੁਮਾਨ 338Canada ਦੇ ਅੰਕੜਿਆਂ ਅਨੁਸਾਰ ਹਨ।

ਪੀਲ ਰੀਜਨ ਦੇ ਗੱਲ ਕੀਤੀ ਜਾਵੇ ਤਾਂ ਸਾਰੀਆਂ ਰਾਈਡਾਂ ਉੱਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਉਮੀਦਵਾਰਾਂ ਦੇ ਜਿੱਤਣ ਦੇ ਆਸਾਰ ਹਨ। ਬਰੈਂਪਟਨ ਸੈਂਟਰ ਵਿੱਚ ਪੀ ਸੀ ਉਮੀਦਵਾਰ ਸ਼ਾਰਮੇਨ ਵਿਲੀਅਮਜ਼ ਆਪਣੇ ਨੇੜਲੇ ਲਿਬਰਲ ਉਮੀਦਵਾਰ ਤੋਂ 10% ਵੋਟਾਂ ਨਾਲ ਅੱਗੇ ਹੈ ਜਦੋਂ ਕਿ ਵਰਤਮਾਨ ਐਮ ਪੀ ਪੀ ਸਾਰਾ ਸਿੰਘ ਤੀਜੇ ਨੰਬਰ ਉੱਤੇ ਚੱਲ ਰਹੀ ਹੈ। ਬਰੈਂਪਟਨ ਵੈਸਟ ਤੋਂ ਪੀ ਸੀ ਦੇ ਹਰਦੀਪ ਸਿੰਘ ਗਰੇਵਾਲ ਆਪਣੇ ਨੇੜਲੇ ਵਿਰੋਧੀ ਐਨ ਡੀ ਪੀ ਦੇ ਐਮ ਪੀ ਪੀ ਗੁਰਰਤਨ ਸਿੰਘ ਤੋਂ 8% ਵੋਟਾਂ ਨਾਲ ਅੱਗੇ ਹਨ। ਇਵੇਂ ਹੀ ਪੀ ਸੀ ਪਾਰਟੀ ਦੇ ਬਰੈਂਪਟਨ ਨੌਰਥ ਤੋਂ ਗਰਾਹਮ ਮੈਕਗਰੈਗਰ, ਬਰੈਂਪਟਨ ਸਾਊਥ ਤੋਂ ਪ੍ਰਭਮੀਤ ਸਰਕਾਰੀਆ ਅਤੇ ਬਰੈਂਪਟਨ ਵੈਸਟ ਤੋਂ ਅਮਨਜੋਤ ਸੰਧੂ ਆਪਣੇ ਨੇੜਲੇ ਵਿਰੋਧੀਆਂ ਤੋਂ 8% ਵੋਟਾਂ ਨਾਲ ਅੱਗੇ ਹਨ। ਪੀਲ ਰੀਜਨ ਵਿੱਚ ਪੀ ਸੀ ਪਾਰਟੀ ਦੀ ਲੀਡ ਵਿੱਚ ਹੋਰ ਕਾਰਣਾਂ ਤੋਂ ਇਲਾਵਾ ਹਾਈਵੇਅ 413 ਲਈ ਫੋਰਡ ਸਰਕਾਰ ਦੀ ਨਿੱਠਤਾ ਵੱਡਾ ਕਾਰਣ ਹੈ।

ਜਿੱਥੇ ਤੱਕ ਪਾਰਟੀ ਲੀਡਰਾਂ ਦਾ ਸੁਆਲ ਹੈ, ਡੱਗ ਫੋਰਡ ਨੂੰ ਇਹ ਸਿਹਰਾ ਜਾਂਦਾ ਹੈ ਕਿ ਉਸਨੂੰ ਪਸੰਦ ਅਤੇ ਨਾਪਸੰਦ ਕਰਨ ਵਾਲੇ ਵੋਟਰ ਬਰਾਬਰ ਢੁੱਕਦੇ ਹਨ। ਜਦੋਂ ਗੱਲ ਆਉਂਦੀ ਹੈ ਕਿ ਕਿਹੜਾ ਲੀਡਰ ਆਪਣੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਰਹਿੰਦਾ ਹੈ ਜਾਂ ਵਚਨਬੱਧ ਵਿਖਾਈ ਦੇਂਦਾ ਹੈ ਤਾਂ ਬਹੁ ਗਿਣਤੀ ਵੋਟਰ ਡੱਗ ਫੋਰਡ ਵੱਲ ਇਸ਼ਾਰਾ ਕਰਦੇ ਹਨ। ਡੱਗ ਫੋਰਡ ਦੀ ਭਰੋਸਯੋਗ ਲੀਡਰਸਿ਼ੱਪ ਵਿੱਚ 38% ਲੋਕ ਯਕੀਨ ਕਰਦੇ ਹਨ ਜਦੋਂ ਕਿ ਐਨ ਡੀ ਪੀ ਦੀ ਐਂਡਰੀਆ ਹਾਵਰਥ ਨੂੰ 30% ਅਤੇ ਲਿਬਰਲ ਆਗੂ ਡੈਲ ਡੂਕਾ ਨੂੰ 23% ਲੋਕਾਂ ਦਾ ਹੱਕ ਹਾਸਲ ਹੈ। ਲਿਬਰਲ ਲੀਡਰ ਡੈਲ ਡੂਕਾ ਪੀਲ ਰੀਜਨ ਵਿੱਚ ਕੋਈ ਭਰੋਸੇਯੋਗ ਪ੍ਰਭਾਵ ਪੈਦਾ ਨਹੀਂ ਕਰ ਸਕਿਆ ਹੈ। ਪੀਲ ਅਤੇ ਟੋਰਾਂਟੋ ਵਿੱਚੋਂ ਸੀਟਾਂ ਲਏ ਬਿਨਾ ਉਂਟੇਰੀਓ ਵਿੱਚ ਜਿੱਤ ਦੇ ਖੁਆਬ ਸੱਚ ਹੋਣਾ ਹਮੇਸ਼ਾ ਹੀ ਔਖਾ ਰਿਹਾ ਹੈ।

ਚੋਣਾਂ ਦੇ ਦਿਨ 2 ਜੂਨ ਵਿੱਚ ਹਾਲੇ ਤਕਰੀਬਨ 20 ਦਿਨ ਬਾਕੀ ਹਨ ਅਤੇ ਕੋਈ ਸ਼ੱਕ ਨਹੀਂ ਕਿ ਸਮੀਕਰਣ ਬਦਲ ਸਕਦੇ ਹਨ। ਪਰ ਕੋਵਿਡ 19 ਦੇ ਦੋ ਸਾਲਾਂ ਦੌਰਾਨ ਜਿਸ ਢੰਗ ਨਾਲ ਡੱਗ ਫੋਰਡ ਨੇ ਦਲੇਰੀ ਨਾਲ ਹਰ ਨੁਕਤਾਚੀਨੀ ਦਾ ਸਾਹਮਣਾ ਕਰਦੇ ਹੋਏ ਨਿੱਗਰ ਲੀਡਰਸਿ਼ੱਪ ਵਿਖਾਈ ਹੈ, ਉਸਦਾ ਲਾਭ ਜਰੂਰ ਉਸਦੇ ਹੱਕ ਵਿੱਚ ਰਹੇਗਾ। ਜੇ ਅਜਿਹਾ ਹੁੰਦਾ ਹੈ ਤਾਂ ਉਂਟੇਰੀਓ ਵਿੱਚ ਪੀ ਸੀ ਪਾਰਟੀ ਲਗਾਤਾਰ ਦੋ ਚੋਣਾਂ ਜਿੱਤਣ ਦਾ ਇਤਿਹਾਸ ਸਿਰਜੇਗੀ।

 
Have something to say? Post your comment