Welcome to Canadian Punjabi Post
Follow us on

03

October 2022
ਸੰਪਾਦਕੀ

ਸਿੱਖ ਵਿਰਾਸਤ ਦੇ ਸੰਭਾਲਣ ਅਤੇ ਵਿਗਸਣ ਦੀ ਗੱਲ

April 15, 2022 09:40 AM

ਪੰਜਾਬੀ ਪੋਸਟ ਸੰਪਾਦਕੀ

‘ਮੰਮੀ, ਸਰਬੱਤ ਦਾ ਮਾਅਨਾ ਕੀ ਹੁੰਦਾ ਹੈ ਅਤੇ ਖਾਲਸਾ ਦੇ ਜਨਮ ਦਿਨ ਤੋਂ ਕੀ ਭਾਵ ਹੈ’? ਇਹ ਸ਼ਬਦ ਕੱਲ ਵਿਸਾਖੀ ਵਾਲੇ ਦਿਨ ਸਕੂਲ ਤੋਂ ਪਰਤੇ 7 ਕੁ ਸਾਲਾਂ ਦੇ ਸਿੱਖ ਬੱਚੇ ਦੇ ਹਨ ਜਿਸਨੂੰ ਪਤਾ ਨਹੀਂ ਸੀ ਅੱਜ ਵੈਸਾਖੀ ਹੈ ਜਾਂ ਵੈਸਾਖੀ ਦਾ ਅਰਥ ਕੀ ਹੁੰਦਾ ਹੈ। ਸਕੂਲ ਵਿੱਚ ਵੈਸਾਖੀ ਬਾਬਤ ਕੀਤੇ ਸਮਾਗਮ ਨੇ ਬੱਚੇ ਦੇ ਦਿਲ ਵਿੱਚ ਉਤਸੁਕਤਾ ਪੈਦਾ ਕੀਤੀ। ਇਹ ਬੱਚਾ ਆਪਣੀ 28-29 ਸਾਲਾ ਮਾਂ ਨੂੰ ਆਖਦਾ ਹੈ ਕਿ ਮੈਂ ਵੱਡਾ ਹੋ ਕੇ ਆਪਣੇ ਬੱਚੇ ਪੰਜਾਬੀ ਸਕੂਲ ਵੱਚ ਪਾਵਾਂਗਾ। ਮਾਂ ਹੈਰਾਨ ਸੀ ਕਿ ਉਸਦੇ ਪੁੱਤਰ ਨੂੰ ਖੁਦ ਪੰਜਾਬੀ ਨਹੀਂ ਆਉਂਦੀ ਪਰ ਇਹ ਇਹ ਧਰਮ ਅਤੇ ਪੰਜਾਬੀ ਬਾਰੇ ਗੱਲ ਬਾਹਰੋਂ ਸਿੱਖ ਕੇ ਘਰ ਆ ਕੇ ਕਰ ਰਿਹਾ ਹੈ। ਮਾਪਿਆਂ ਵਿੱਚ ਆਪਣੇ ਅਕੀਤੇ, ਆਪਣੇ ਸੱਭਿਆਚਾਰ ਬਾਰੇ ਆਪਣੇ ਹੀ ਬੱਚਿਆਂ ਸਨਮੁਖ ਹੈਰਾਨੀ ਦਾ ਪੈਦਾ ਹੋਣਾ ਖਤਰਨਾਕ ਹੋ ਸਕਦਾ ਹੈ।

ਅਪਰੈਲ ਮਹੀਨੇ ਨੂੰ ਕੈਨੇਡਾ ਭਰ ਵਿੱਚ ‘ਸਿੱਖ ਵਿਰਾਸਤ ਮਹੀਨੇ’ ਵਜੋਂ ਮਨਾਇਆ ਜਾਂਦਾ ਹੈ। ਬੇਸ਼ੱਕ ਕੈਨੇਡੀਅਨ ਸਿੱਖ ਜਗਤ ਵਿੱਚ ਵੈਸਾਖੀ ਨੂੰ ਲੈ ਕੇ ਬੇਹੱਦ ਉਤਸ਼ਾਹ ਪਾਇਆ ਜਾਂਦਾ ਹੈ ਪਰ ਕਾਫੀ ਗਿਣਤੀ ਵਿੱਚ ਅਜਿਹੇ ਸਿੱਖ ਪੰਜਾਬੀ ਪਰਿਵਾਰ ਵੀ ਹਨ ਜਿਹਨਾਂ ਵਿੱਚ ਇਸ ਪਵਿੱਤਰ ਮਹੀਨੇ ਅਤੇ ਵੈਸਾਖੀ ਸ਼ੁਭ ਦਿਹਾੜੇ ਬਾਰੇ ਆਪਣੇ ਹੀ ਪਰਿਵਾਰਾਂ ਵਿੱਚ ਬਹੁਤੀ ਗੱਲ ਨਹੀਂ ਕੀਤੀ ਜਾਂਦੀ। ਨਤੀਜੇ ਵਜੋਂ ਜੋ ਗੱਲ ਘਰ ਖਿੜੇ ਫੁੱਲਾਂ ਦੀ ਸੁਗੰਧ ਵਾਗੂੰ ਆਸੇ ਪਾਸੇ ਪੱਸਰਨੀ ਚਾਹੀਦੀ ਹੈ, ਉਸਦਾ ਆਧਾਰ ਬਹੁਤ ਹੱਦ ਤੱਕ ਕਮਜ਼ੋਰ ਰਹਿ ਜਾਂਦਾ ਹੈ। ਅਜਿਹੇ ਹਾਲਾਤਾਂ ਦੇ ਚੱਲਦੇ ਸਮਾਜਿਕ ਪੱਧਰ ਉੱਤੇ ਸਿੱਖ ਪਹਿਚਾਣ, ਸਿੱਖ ਅਧਿਆਤਮਾਵ ਦੇ ਮਰਮ ਅਤੇ ਸਿੱਖ ਪਰੰਪਰਾਵਾਂ ਦੇ ਲਾਸਾਨੀ ਜਜ਼ਬੇ ਬਾਰੇ ਚੇਤਨਾ ਫੈਲਾਉਣ ਦੇ ਯਤਨ ਪੇਤਲੇ ਰਹਿ ਜਾਂਦੇ ਹਨ।

ਜੇ ਗੱਲ ਨੂੰ ਪਰਿਵਾਰਕ ਪੱਧਰ ਤੋਂ ਥੋੜਾ ਉੱਤੇ ਜਾ ਕੇ ਸਿੱਖ ਸੰਸਥਾਵਾਂ ਜਾਂ ਉਹਨਾਂ ਅਦਾਰਿਆਂ ਦੀ ਕੀਤੀ ਜਾਵੇ ਜਿਹਨਾਂ ਕੋਲ ਚੇਤਨਾ ਫੈਲਾਉਣ ਦੇ ਮਾਲੀ ਸਾਧਨ ਹੋ ਸਕਦੇ ਹਨ, ਤਾਂ ਬੇਸ਼ੱਕ ਕਾਫੀ ਕੰਮ ਹੋ ਰਿਹਾ ਜਾਪਦਾ ਹੈ ਪਰ ਹੋਰ ਬਹੁਤ ਕੁੱਝ ਕੀਤੇ ਜਾਣ ਦੀ ਲੋੜ ਹੈ। ਸਿਆਸਤ ਦੇ ਪਿੜ ਵਿੱਚ ਤਾਂ ਕੈਨੇਡੀਅਨ ਸਿੱਖ ਕਾਫੀ ਮਹਰਲੇ ਮਾਰ ਚੁੱਕੇ ਹਨ ਪਰ ਧਰਮ ਦੀਆਂ ਅਸਲ ਵਿਧਾਵਾਂ ਵੱਲ ਉੱਨਾ ਧਿਆਨ ਨਹੀਂ ਗਿਆ। ਸਿੱਟੇ ਵਜੋਂ ਕੈਨੇਡੀਅਨ ਕੌਮੀ ਖੇਤਰ ਵਿੱਚ ਕੰਮ ਕਰਨ ਵਾਲੇ ਕਾਰਕਾਂ ਵਿੱਚ ਸੰਵੇਦਨਸ਼ੀਲਤਾ ਦੀ ਘਾਟ ਪਾਈ ਜਾਂਦੀ ਹੈ। ਮਿਸਾਲ ਵਜੋਂ ਇਸ ਹਫ਼ਤੇ ਬਰੈਂਪਟਨ, ਮਿਸੀਸਾਗਾ ਅਤੇ ਕੈਲੀਡਾਨ ਏਰੀਆ ਦੇ ਨਵੇਂ ਇੰਮੀਗਰਾਂਟਾਂ ਨੂੰ ਕੈਨੇਡੀਅਨ ਸਿਟੀਜ਼ਨਸਿੱ਼ਪ ਦੀ ਸਹੁੰ ਚੁਕਾਉਣ ਦਾ ਸਮਾਗਮ ਆਯੋਜਿਤ ਹੋ ਕੇ ਹਟਿਆ ਹੈ। ਇਸ ਸਮਾਗਮ ਦੌਰਾਨ ਸਿਟੀਜਨਸਿ਼ੱਪ ਜੱਜ ਨੇ ਇੱਕ ਵਿਸ਼ੇਸ਼ ਧਰਮ ਦੇ ਇਸ ਮਹੀਨੇ ਚੱਲ ਰਹੇ ਸਮਾਗਮਾਂ ਦਾ ਜਿ਼ਕਰ ਕਰਦੇ ਹੋਏ ਦੋ ਵਾਰ ਮੁਬਾਰਕਵਾਦ ਪੇਸ਼ ਕੀਤੀ। ਸਿਟੀਜ਼ਨਸਿ਼ੱਪ ਜੱਜ ਦਾ ਅਜਿਹਾ ਕਰਨਾ ਕੈਨੇਡੀਅਨ ਸਿਟੀਜ਼ਨਸਿ਼ੱਪ ਨੂੰ ਮਜ਼ਬੂਤ ਕਰਨ ਦਾ ਇੱਕ ਬਾਖੂਬ ਮਿਸਾਲ ਹੈ ਪਰ ਹੈਰਾਨੀ ਅਤੇ ਦੁੱਖ ਦੀ ਗੱਲ ਸੀ ਕਿ ਖਾਲਸੇ ਦੀ ਸਾਜਨਾ ਅਤੇ ਸਿੱਖ ਵਿਰਾਸਤੀ ਮਹੀਨੇ ਦਾ ਜਿ਼ਕਰ ਕਰਨਾ ਉਸਦੀ ਲਿਸਟ ਦੇ ਨੇੜੇ ਤੇੜੇ ਵੀ ਨਹੀਂ ਸੀ। ਸਿੱਖਾਂ ਲਈ ਇਹ ਚੁਣੌਤੀ ਹੈ ਕਿ ਕਿਵੇਂ ਯਕੀਨੀ ਬਣਾਇਆ ਜਾਵੇ ਕਿ ਹੋਰਾਂ ਧਰਮਾਂ ਦੇ ਨਾਲ ਨਾਲ ਸਿੱਖ ਧਰਮ ਵੀ ਬਰਾਬਰ ਗੱਲ ਹੋਵੇ। ਅੱਜ ਦੇ ਬੀਜੇ ਬੀਜ ਹੀ ਤਾਂ ਕੱਲ ਨੂੰ ਛਾਂਦਾਰ ਬਿਰਖ ਬਣਨਗੇ।

ਅਪਰੈਲ ਮਹੀਨੇ ਦੌਰਾਨ ਕਈ ਸਥਾਨਕ ਅਤੇ ਕੌਮੀ ਪੱਧਰ ਉੱਤੇ ਉੱਦਮ ਕੀਤੇ ਜਾਂਦੇ ਹਨ ਜਿਵੇਂ ਕਿ ਪੀਲ ਆਰਟਸ ਗੈਲਰੀ, ਮਿਊਜ਼ੀਅਮ ਅਤੇ ਆਰਕਾਈਵਜ਼ (PAMA) ਦੇ ਸਹਿਯੋਗ ਨਾਲ ਸਿੱਖ ਹੈਰੀਟੇਜ ਮੰਥ ਸੰਸਥਾ ਵੱਲੋਂ ਮਹੀਨਾ ਭਰ ਵੱਖੋ ਵੱਖਰੀਆਂ ਗਤੀਵਿਧੀਆਂ ਦਾ ਆਯੋਜਨ ਕਰਨਾ। ਇਵੇਂ ਹੀ ਓਟਾਵਾ, ਹੈਮਿਲਟਨ, ਮੈਨੀਟੋਬਾ, ਬੀ.ਸੀ. ਵਿੱਚ ਵੀ ਦਿਲਚਸਪ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਇਹ ਸਾਰੇ ਉੱਦਮ ਸ਼ਲਾਘਾਯੋਗ ਹਨ ਪਰ ਬਹੁਤੀਆਂ ਥਾਵਾਂ ਉੱਤੇ ਗੱਲ ਮਹਿਜ਼ ਝੰਡਾ ਲਹਿਰਾਉਣ ਅਤੇ ਮਹਿਮਾਨਾਂ ਨਾਲ ਫੋਟੋਆਂ ਖਿਚਵਾਉਣ ਤੱੱਕ ਸੀਮਤ ਹੋ ਕੇ ਰਹਿ ਜਾਂਦੀ ਹੈ।

ਸਿੱਖ ਚਿੰਤਨ ਅਤੇ ਫਲਸਫੇ ਬਾਰੇ ਚਰਚਾ ਅਤੇ ਚਿੰਤਨ ਆਪਣੇ ਮਨ, ਗ੍ਰਹਿ ਅਤੇ ਪਰਿਵਾਰਕ ਗਲਿਆਰਿਆਂ ਵਿੱਚ ਕਰਨ ਦੇ ਨਾਲ ਨਾਲ ਜਨਤਕ ਸਪੇਸ ਵਿੱਚ ਚੇਤਨਾ ਫੈਲਾਉਣ ਦੇ ਉੱਦਮ ਵੀ ਕਰਨੇ ਬਣਦੇ ਹਨ। ਜੇ ਕੌਮੀ ਸੰਸਥਾਵਾਂ ਅਜਿਹਾ ਕਰਨ ਤੋਂ ਖੂੰਝ ਰਹੀਆਂ ਹਨ ਤਾਂ ਉਹਨਾਂ ਬਾਰੇ ਸੁਚੇਤ ਹੋਣ ਦੀ ਵੀ ਲੋੜ ਹੈ। ਇੰਗਲੈਂਡ ਵਿੱਚ ਬੀ.ਬੀ.ਸੀ. ਵੱਲੋਂ ਵੈਸਾਖੀ ਬਾਰੇ ਵਿਸ਼ੇਸ਼ ਆਰਟੀਕਲ ਰਾਹੀਂ ਖਾਸਲੇ ਦੀ ਸਾਜਣਾ ਬਾਰੇ ਜਾਣਕਾਰੀ ਦਿੱਤੀ ਗਈ ਮਿਲਦੀ ਹੈ। ਇਸਦੇ ਉਲਟ ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਸੀ.ਬੀ.ਸੀ.) ਨੇ ਵੀ ਕੁੱਝ ਆਰਟੀਕਲ ਜਰੂਰ ਛਾਪੇ ਹਨ ਪਰ ਇਹਨਾਂ ਵਿੱਚ ਉਂਟੇਰੀਓ ਦੇ ਸਿੱਖ ਭਾਈਚਾਰੇ ਬਾਰੇ ਜਿ਼ਕਰ ਬਿਲਕੁਲ ਗਾਇਬ ਹੈ। ਬੀ.ਸੀ. ਦੇ ਸੰਦਰਭ ਵਿੱਚ ਜੋ ਆਰਟੀਕਲ ਹਨ, ਉਹ ਸਿੱਖ ਪਹਿਚਾਣ ਨਾਲੋਂ ਖਾਣੇ ਅਤੇ ਕਪੱੜਿਆਂ ਉੱਤੇ ਵਧੇਰੇ ਕੇਂਦਰਿਤ ਹਨ। ਗੱਲ ਸੀ.ਬੀ.ਸੀ. ਨੂੰ ਨਿਸ਼ਾਨਾ ਬਣਾਉਣਾ ਨਹੀਂ ਸਗੋਂ ਜਨਤਕ ਸਪੇਸ ਵਿੱਚ ਸਿੱਖ ਆਵਾਜ਼਼ ਨੂੰ ਸਹੀ ਸਪੇਸ ਮਿਲਣ ਵਿੱਚ ਹੋ ਰਹੀ ਢਿੱਲ ਮੱਠ ਬਾਰੇ ਹੈ।

Have something to say? Post your comment