ਨਵੀਂ ਦਿੱਲੀ, 16 ਜਨਵਰੀ (ਪੋਸਟ ਬਿਊਰੋ)- ਭਗੌੜੇ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਨੇ ਨੇਪਾਲ ਦੇ ਕਾਠਮੰਡੂ 'ਚ ਆਪਣਾ ਵੱਡਾ ਅੱਡਾ ਬਣਾਇਆ ਹੋਇਆ ਹੈ। ਉਥੋਂ ਉਹ ਭਾਰਤ ਵਿੱਚ ਨਕਲੀ ਨੋਟ ਭੇਜਦਾ ਹੈ। ਨੇਪਾਲ 'ਚ ਪਾਕਿਸਤਾਨ ਦੇ ਦੂਤਘਰ ਦੇ ਖ਼ਾਸ ਅਧਿਕਾਰੀਆਂ ਰਾਹੀਂ ਉਹ ਆਪਣਾ ਕਾਰੋਬਾਰ ਚਲਾਉਂਦਾ ਹੈ।
ਕਿਸੇ ਸਮੇਂ ਦਾਊਦ ਗਿਰੋਹ ਦਾ ਮੈਂਬਰ ਰਹਿ ਚੁੱਕੇ ਇਜਾਜ ਲਕੜਾਵਾਲਾ ਨੇ ਮੰੁਬਈ ਪੁਲਸ ਦੀ ਪੁੱਛਗਿੱਛ 'ਚ ਇਹ ਗੱਲ ਕਹੀ ਹੈ। ਉਸ ਨੂੰ ਅੱਠ ਜਨਵਰੀ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਤੋਂ ਗ਼੍ਰਿਫ਼ਤਾਰ ਕੀਤਾ ਗਿਆ ਸੀ। ਲਕੜਾਵਾਲਾ ਨੇ ਮੋਸਟ ਵਾਂਟਿਡ ਦਾਊਦ ਇਬਰਾਹੀਮ ਦੇ ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਦੋ ਘਰਾਂ ਦਾ ਪਤਾ ਵੀ ਦੱਸਿਆ ਹੈ। ਮੁੰਬਈ ਪੁਲਸ ਦੀ ਅਪਰਾਧ ਬ੍ਰਾਂਚ ਦੇ ਪ੍ਰਮੁੱਖ ਅਧਿਕਾਰੀਆਂ ਦੇ ਮੁਤਾਬਕ ਦਾਊਦ ਦੇ ਇੱਕ ਘਰ ਦਾ ਪਤਾ 6ਏ, ਖਾਯਾਬਨ ਤਨਜ਼ੀਨ ਫੇਜ਼-5, ਡਿਫੈਂਸ ਹਾਊਸਿੰਗ ਏਰੀਆ, ਕਰਾਚੀ ਅਤੇ ਦੂਸਰੇ ਘਰ ਦਾ ਪਤਾ ਡੀ-13, ਬਲਾਕ-4, ਕਲਿਫਟਨ, ਕਰਾਚੀ ਹੈ। ਦਾਊਦ ਦਾ ਭਰਾ ਅਨੀਸ ਇਬਰਾਹੀਮ ਅਤੇ ਉਸ ਦਾ ਖਾਸ ਆਦਮੀ ਛੋਟਾ ਸ਼ਕੀਲ ਵੀ ਡਿਫੈਸ ਹਾਊਸਿੰਗ ਏਰੀਆ 'ਚ ਹੀ ਰਹਿੰਦੇ ਹਨ। ਅਧਿਕਾਰੀਆਂ ਨੇ ਲਕੜਾਵਾਲਾ ਦੀ ਗ਼੍ਰਿਫ਼ਤਾਰੀ ਨੂੰ ਬਹੁਤ ਵੱਡੀ ਪ੍ਰਾਪਤੀ ਦੱਸਿਆ ਹੈ। ਉਸ ਦੇ ਕੋਲ ਦਾਊਦ ਦੇ ਭਾਰਤੀ ਨਕਲੀ ਕਰੰਸੀ ਦੇ ਕਾਰੋਬਾਰ ਦੇ ਬਾਰੇ ਅਹਿਮ ਜਾਣਕਾਰੀਆਂ ਹਨ।
ਮੁੰਬਈ ਪੁਲਸ ਦੇ ਅਧਿਕਾਰੀਆਂ ਮੁਤਾਬਕ ਇਜਾਜ਼ ਲਕੜਾਵਾਲਾ ਕਦੇ ਦਾਊਦ ਗਿਰੋਹ ਦਾ ਮੈਂਬਰ ਸੀ ਅਤੇ ਡਰੱਗ ਤਸਕਰੀ ਸਮੇਤ ਸਭ ਗੈਰ ਕਾਨੂੰਨੀ ਸਰਗਰਮੀਆਂ ਦੇਖਦਾ ਸੀ, ਪਰ 1993 ਵਿੱਚ ਮੁੰਬਈ ਧਮਾਕਿਆਂ ਦੇ ਬਾਅਦ ਉਹ ਛੋਟਾ ਰਾਜਨ ਦੇ ਨਾਲ ਦਾਊਦ ਗਿਰੋਹ ਤੋਂ ਵੱਖ ਹੋ ਗਿਆ ਸੀ। ਬਾਅਦ ਵਿੱਚ ਪੈਸੇ ਦੀ ਵੰਡ ਤੋਂ ਛੋਟਾ ਰਾਜਨ ਨਾਲ ਮਤਭੇਦ ਹੋਣ ਤੋਂ ਬਾਅਦ ਉਸਨੇ ਆਪਣਾ ਵੱਖਰਾ ਗੈਂਗ ਬਣਾ ਲਿਆ ਅਤੇ ਨੀਦਰਲੈਂਡ ਵਿੱਚੋਂ ਡਰੱਗ ਤਸਕਰੀ ਆਦਿ ਦਾ ਕਾਰੋਬਾਰ ਚਲਾ ਰਿਹਾ ਸੀ। ਲਕੜਾਵਾਲਾ ਨੇ ਦੱਸਿਆ ਕਿ ਦਾਊਦ ਦੀ ਥਾਈਲੈਂਡ ਤੇ ਬੰਗਲਾਦੇਸ਼ 'ਚ ਚੰਗੀ ਪਕੜ ਹੈ ਤੇ ਉਹ ਇਨ੍ਹਾਂ ਦੋਵਾਂ ਦੇਸ਼ਾਂ ਦੇ ਜ਼ਰੀਏ ਭਾਰਤ, ਯੂਰਪ ਤੇ ਹੋਰ ਦੇਸ਼ਾਂ 'ਚ ਡਰੱਗ ਭੇਜਦਾ ਹੈ। ਉਸਨੇ ਇਹ ਵੀ ਕਿਹਾ ਸੀ ਕਿ ਛੋਟਾ ਰਾਜਨ ਨੇ ਕਰਾਚੀ 'ਚ ਦਾਊਦ ਇਬਰਾਹੀਮ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਦਾਊਦ ਆਪਣੀ ਬੇਟੀ ਦੇ ਜਨਾਜ਼ੇ 'ਚ ਆਉਣ ਵਾਲਾ ਸੀ। ਰਾਜਨ ਦਾ ਸ਼ਾਰਪ ਸ਼ੂਟਰ ਵਿੱਕੀ ਮਲਹੋਤਰਾ ਉਸ ਨੂੰ ਮਾਰਨ ਗਿਆ ਸੀ, ਪਰ ਦਾਊਦ ਜਨਾਜ਼ੇ 'ਚ ਆਇਆ ਹੀ ਨਹੀਂ। ਇਸ ਦੌਰਾਨ ਖ਼ਫ਼ੀਆ ਏਜੰਸੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਦਾਊਦ ਲਕੜਾਵਾਲਾ ਨੂੰ ਮਰਵਾਉਣ ਦੀ ਸਾਜ਼ਿਸ਼ ਰਚ ਰਿਹਾ ਹੈ। ਦਾਊਦ ਦਾ ਗਿਰੋਹ ਜਿਸਨੂੰ ਡੀ ਕੰਪਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਲਕੜਾਵਾਲਾ ਦੇ ਜੇਲ੍ਹ ਜਾਣ ਦੇ ਬਾਅਦ ਉਸਦੀ ਜੇਲ੍ਹ 'ਚ ਹੱਤਿਆ ਕਰਨ ਦੀ ਸਾਜ਼ਿਸ਼ ਰਚ ਰਹੀ ਹੈ।