ਬਰੈਂਪਟਨ, (ਡਾ.ਝੰਡ) -ਜੀ.ਟੀ.ਏ. ਦੇ ਸਾਹਿਤਕ-ਹਲਕਿਆਂ ਵਿਚ ਇਹ ਖ਼ਬਰ ਬੜੀ ਖੁਸ਼ੀ ਨਾਲ ਪੜ੍ਹੀ ਸੁਣੀ ਜਾਏਗੀ ਕਿ 'ਅਸੀਸ ਮੰਚ ਟੋਰਾਂਟੋ' ਵੱਲੋਂ ਦੋ ਸਾਲ ਸ਼ੁਰੂ ਕੀਤਾ ਗਿਆ 'ਮਾਤਾ ਨਿਰੰਜਨ ਕੌਰ ਐਵਾਰਡ ਇਸ ਵਾਰ ਬਰੈਂਪਟਨ ਦੇ ਉੱਘੇ ਕਹਾਣੀਕਾਰ ਕੁਲਜੀਤ ਮਾਨ ਨੂੰ ਦਿੱਤਾ ਜਾ ਰਿਹਾ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਕੁਲਜੀਤ ਮਾਨ ਨਾਵਲ, ਕਹਾਣੀਆਂ ਅਤੇ ਵਿਅੰਗਆਤਮਿਕ ਵਾਰਤਕ ਦੀਆਂ ਕਈ ਪੁਸਤਕਾਂ ਦਾ ਲੇਖਕ ਹੈ। ਉਸ ਦਾ ਨਾਵਲ 'ਕਿਟੀ ਮਾਰਸ਼ਲ' ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਿਲੇਬਸ ਦਾ ਹਿੱਸਾ ਬਣਿਆ ਹੈ ਅਤੇ ਪਿਛਲੇ ਸਾਲ ਛਪਿਆ ਨਾਵਲ 'ਮਾਂ ਦਾ ਘਰ’ ਯੋਗੋਸਲਾਵੀਆ ਦੇ ਲੋਕਾਂ ਉੱਪਰ ਹੋਏ ਜ਼ੁਲਮ ਦੀ ਪੂਰੀ ਤਸਵੀਰ ਬਿਆਨਦਾ ਹੈ। ਉਸ ਦੀਆਂ ਕਹਾਣੀਆਂ ਅਤੇ ਵਾਰਤਕ ਦੀਆਂ ਪੁਸਤਕਾਂ ਪਾਠਕਾਂ ਵਿਚ ਕਾਫ਼ੀ ਹਰਮਨ-ਪਿਆਰੀਆਂ ਹਨ। ਉਹ ਕੰਪਿਊਟਰ-ਕਲਾ ਵਿਚ ਵੀ ਕਾਫ਼ੀ ਮੁਹਾਰਤ ਰੱਖਦਾ ਹੈ ਅਤੇ ਫੇਸਬੁੱਕ ਅਤੇ ਆਪਣੀ ਵੈੱਬਸਾਈਟ 'ਬੰਸਰੀ ਡੌਟ ਨੈੱਟ' ਉੱਪਰ ਸਮਾਜਿਕ, ਸਾਹਿਤਕ ਅਤੇ ਚਲੰਤ-ਮਾਮਲਿਆਂ ਬਾਰੇ ਸਮੱਗਰੀ ਪਾਉਂਦਾ ਰਹਿੰਦਾ ਹੈ ਜੋ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤੀ ਜਾਂਦੀ ਹੈ।
ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਇਹ ਪੁਰਸਕਾਰ ਪੰਜਾਬੀ ਭਾਸ਼ਾ, ਸਾਹਿਤ ਅਤੇ ਮਾਂ-ਬੋਲੀ ਲਈ ਯੋਗਦਾਨ ਪਾਉਣ ਵਾਲੀ ਯੋਗ ਸ਼ਖ਼ਸੀਅਤ ਨੂੰ ਦਿੱਤਾ ਜਾਂਦਾ ਹੈ ਅਤੇ ਪਾਠਕਾਂ ਨੂੰ ਭਲੀ-ਭਾਂਤ ਯਾਦ ਹੋਵੇਗਾ ਕਿ ਪਿਛਲੇ ਸਾਲ ਇਹ ਐਵਾਰਡ ਉੱਘੇ ਲੇਖਕ ਡਾ. ਵਰਿਆਮ ਸਿੰਘ ਸੰਧੂ ਨੂੰ ਦਿੱਤਾ ਗਿਆ ਸੀ। ਇਸ ਐਵਾਰਡ ਵਿਚ 1100 ਡਾਲਰ ਦਾ ਨਕਦ ਇਨਾਮ ਅਤੇ ਸਨਮਾਨ-ਚਿੰਨ੍ਹ ਸ਼ਾਮਲ ਹੇ ਹਨ।
ਇਹ ਸਮਾਗ਼ਮ ਪਹਿਲੀ ਸਤੰਬਰ ਦਿਨ ਐਤਵਾਰ ਨੂੰ 3770 ਨਸ਼ੂਆ ਡਰਾਈਵ, ਮਿਸੀਸਾਗਾ ਵਿਖੇ ਸ਼ਾਮ ਨੂੰ 5 ਵਜੇ ਤੋਂ 8 ਵਜੇ ਤੀਕ ਕਰਵਾਇਆ ਜਾ ਰਿਹਾ ਹੈ। ਇਸ ਦੇ ਬਾਰੇ ਗੱਲਬਾਤ ਕਰਦਿਆਂ ਹੋਇਆਂ ਪਰਮਜੀਤ ਦਿਓਲ ਨੇ ਦੱਸਿਆ ਕਿ ਇਹ ਐਵਾਰਡ ਉਸ ਦਿਨ ਹੋਣ ਵਾਲੀ ਸਾ਼ਇਰੀ ਦੀ ਮਹਿਫ਼ਲ ‘ਅਹਿਸਾਸ’ ਦੌਰਾਨ ਦਿੱਤਾ ਜਾਏਗਾ ਜਿਸ ਵਿਚ ਇੰਗਲੈਂਡ ਤੋਂ ਸਾਂਇਰ ਰਾਜਿੰਦਰਜੀਤ ਅਤੇ ਅਮਰੀਕਾ ਤੋਂ ਰਜਿੰਦਰ ਜਿੰਦ ਵੀ ਸ਼ਾਮਲ ਹੋਣਗੇ। ਇਸ ਮੌਕੇ ਸੁਖਦੇਵ ਸੁੱਖ, ਇਕਬਾਲ ਬਰਾੜ, ਰਿੰਟੂ ਭਾਟੀਆ ਅਤੇ ਸਿ਼ਵਰਾਜ ਸੰਨੀ ਖ਼ੂਬਸੂਰਤ ਗਾਇਕੀ ਦਾ ਮਾਹੌਲ ਸਿਰਜਣਗੇ। ਇਸ ਦੇ ਬਾਰੇ ਵਧੇਰੇ ਜਾਣਕਾਰੀ ਪਰਮਜੀਤ ਦਿਓਲ ਨੂੰ ਫ਼ੋਨ ਨੰਬਰ 647-295-7351 'ਤੇ ਸੰਪਰਕ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।