ਬਰੈਂਪਟਨ, 8 ਜੁਲਾਈ (ਪੋਸਟ ਬਿਊਰੋ): ਕੈਨੇਡਾ ਦੇ ਗਰਮੀਆਂ ਦੇ ਮੌਸਮ ਦੇ ਸਾਫ਼ ਨੀਲੇ ਆਕਾਸ਼ ਦੇ ਦਿਨ ਸ਼ਨੀਵਾਰ 5 ਜੁਲਾਈ ਨੂੰ ‘ਕੈਨੇਡਾ ਡੇਅ’ ਦੇ ਸ਼ੁਭ-ਦਿਹਾੜੇ ‘ਤੇ ਸਲਾਨਾ ਬਾਰ-ਬੀਕਿਊ ਦਾ ਸ਼ਾਨਦਾਰ ਆਯੋਜਨ ਕਰਕੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਆਪਣੀ ਲੀਡਰਸ਼ਿਪ ਦਾ ਬਾ-ਕਮਾਲ ਪ੍ਰਦਰਸ਼ਨ ਕੀਤਾ। ਬਰੈਂਪਟਨ ਸਾਊਥ ਦੇ ‘ਲੌਗਹੀਡ ਪਾਰਕ’ ਵਿੱਚ ਆਯੋਜਿਤ ਕੀਤੇ ਗਏ ਇਸ ਰੌਣਕੀਲੇ ਸਮਾਗ਼ਮ ਵਿੱਚ ਵੱਖ-ਵੱਖ ਕਮਿਊਨਿਟੀਆਂ ਦੇ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੇ ਪਰਿਵਾਰ ਸਮੇਤ ਸ਼ਮੂਲੀਅਤ ਕਰਕੇ ਕੈਨੇਡਾ ਦੀਆਂ ਅਮੀਰ ਕਦਰਾਂ-ਕੀਮਤਾਂ ਦਾ ਖ਼ੂਬਸੂਰਤ ਮੁਜ਼ਾਹਰਾ ਕੀਤਾ ਜੋ ਕੈਨੇਡਾ-ਵਾਸੀਆਂ ਨੂੰ ਆਪਸ ਵਿੱਚ ਜੋੜੀ ਰੱਖਦੀਆਂ ਹਨ।
ਇਸ ਈਵੈਂਟ ਵਿੱਚ ਸਿਆਸੀ ਤੇ ਸਮਾਜਿਕ ਲੀਡਰਾਂ ਸਮੇਤ ਕਮਿਊਨਿਟੀ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਬਰੈਂਪਟਨ ਸਿਟੀ ਦੇ ਮੇਅਰ ਪੈਟਰਿਕ ਬਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ, ਸਿਟੀ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ, ਡੈਨਸ ਕੀਨਨ, ਰੋਵੀਨਾ ਸੈਂਟੋਸ, ਪਾਲ ਵਿਸੈਂਟੇ ਤੇ ਨਵਜੀਤ ਕੌਰ ਬਰਾੜ ਸ਼ਾਮਲ ਸਨ। ਫ਼ੈੱਡਰਲ ਨੇਤਾਵਾਂ ਵਿੱਚ ਸੋਨੀਆ ਸਿੱਧੂ ਦੇ ਸਾਥੀ ਕਰਾਈਮ ਨਜਿੱਠਣ ਵਾਲੇ ਵਿਭਾਗ ਦੀ ਸੈਕਟਰੀ ਆਫ਼ ਸਟੇਟ ਰੂਬੀ ਸਹੋਤਾ, ਖ਼ਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਸ਼ਫ਼ਕਤ ਅਲੀ, ਬਰੈਂਪਟਨ ਸੈਂਟਰ ਦੀ ਮੈਂਬਰ ਪਾਰਲੀਮੈਂਟ ਅਮਨਦੀਪ ਸੋਢੀ, ਹੈਮਿਲਟਨ ਸੈਂਟਰ ਦੇ ਐੱਮ.ਪੀ. ਅਸਲਮ ਰਾਣਾ, ਮਿਸੀਸਾਗਾ-ਐਰਨ ਮਿਲ ਦੀ ਐੱਮ.ਪੀ. ਇਕਰਾ ਖ਼ਾਲਿਦ ਅਤੇ ਬੀਚਜ਼-ਈਸਟ ਯੋਰਕ ਦੇ ਐੱਮ.ਪੀ. ਨਾਥਨੀਲ ਅਰਸਕਾਈਨ-ਸਮਿੱਥ ਨੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਧਰਮਾਂ ਤੇ ਕਮਿਊਨਿਟੀਆਂ ਦੇ ਕਈ ਲੀਡਰ ਇਕੱਠੇ ਹੋ ਕੇ ਇਸ ਮਹਾਨ ਈਵੈਂਟ ਨੂੰ ਕਾਮਯਾਬ ਕਰਨ ਲਈ ਪਧਾਰੇ। ਬੱਸ, ਏਹੀ ਬਰੈਂਪਟਨ ਸਾਊਥ ਹਲਕੇ ਦੀ ਏਕਤਾ, ਅਖੰਡਤਾ ਤੇ ਖ਼ੂਬਸੂਰਤੀ ਦਾ ਰਾਜ਼ ਹੈ।
ਐੱਮ.ਪੀ. ਸੋਨੀਆ ਸਿੱਧੂ ਨੇ ਇਸ ਮੌਕੇ ਆਪਣੇ ਅਣਥੱਕ ਵਾਲੰਟੀਅਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਇਹ ਈਵੈਂਟ ਇਸ ਹੱਦ ਤੱਕ ਸਫ਼ਲ ਹੋਇਆ। ਉਨ੍ਹਾਂ ਟੀ.ਐੱਮ.ਯੂ. ਇੰਟੈਗਰੇਟਿਡ ਹੈੱਲਥ ਸੈਂਟਰ, ਏ.ਸੀ.ਐੱਚ.ਈ.ਵੀ., ਪਾਮਾ, ਰੂਟਸ, ਬਲੈਕ ਹੱਬ ਸੋਸ਼ਲ ਸਰਵਿਸਿਜ਼, ਸੀ.ਐੱਮ.ਐੱਚ.ਏ. ਅਤੇ ਪੀਲ ਰੀਜਨਲ ਪੋਲੀਸ ਦਾ ਵੀ ਹਾਰਦਿਕ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਈਵੈਂਟ ਦੌਰਾਨ ਆਪੋ-ਆਪਣੇ ਸਟਾਲ ਲਗਾ ਕੇ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਆਏ ਹੋਏ ਲੋਕਾਂ ਨੂੰ ਪ੍ਰਦਾਨ ਕੀਤੀਆਂ।
ਆਪਣੇ ਸੰਬੋਧਨ ਵਿੱਚ ਐੱਮ.ਪੀ. ਸੋਨੀਆ ਸਿੱਧੂ ਨੇ ਪ੍ਰਧਾਨ ਮੰਤਰੀ ਮਾਰਕਕਾਰਨੀ ਦੇ ਕੈਨੇਡਾ ਦੇ ਕੌਮੀ ਅਰਥਚਾਰੇ ਨੂੰ ਮਜ਼ਬੂਤ ਬਨਾਉਣ ਵਾਲੀ ਸਰਕਾਰ ਦੀ ਪ੍ਰਤੀਬੱਧਤਾ ਦੀ ਪ੍ਰੋੜ੍ਹਤਾ ਕੀਤੀ। ਉਨ੍ਹਾਂ ਕਿਹਾ ਕਿ ਬਿੱਲ ਸੀ-5 ਦੇ ਪਾਸ ਹੋਣ ਨਾਲ ਅੰਤਰਰਾਜੀ ਸਰਹੱਦਾਂ ਦੀਆਂ ਰੁਕਾਵਟਾਂ ਖ਼ਤਮ ਹੋਣਗੀਆਂ ਅਤੇ ਇਸ ਨਾਲ ਕੌਮੀ ਪ੍ਰਾਜੈੱਕਟਾਂ ਦੇ ਸੰਪੰਨ ਹੋਣ ਵਿੱਚ ਵਿੱਚ ਤੇਜ਼ੀ ਆਏਗੀ ਅਤੇ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਇਸ ਦੇ ਨਾਲ ਹੀ ਰਾਜਸੀ ਹਕੂਮਤ, ਦੇਸ਼ ਦੀ ਅਖੰਡਤਾ ਤੇ ਸੁਰੱਖਿਆ ਵੀ ਮਜ਼ਬੂਤ ਹੋਵੇਗੀ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ, “ਮੈਂ ਆਪਣੀ ਕਮਿਊਨਿਟੀ, ਮਿਊਂਨਿਸਿਪਲ ਤੇ ਫ਼ੈੱਡਰਲ ਸਾਥੀਆਂ ਅਤੇ ਕਮਿਊਨਿਟੀ ਲੀਡਰਾਂ ਵੱਲੋਂ ਮਿਲੇ ਸਹਿਯੋਗ ਲਈ ਉਨ੍ਹਾਂ ਦੀ ਅਤੀ ਧੰਨਵਾਦੀ ਹਾਂ ਜਿਨ੍ਹਾਂ ਨੇ ਮਿਲ ਕੇ ਇਸ ਈਵੈਂਟ ਨੂੰ ਸਫ਼ਲ ਬਣਾਇਆ ਹੈ। ਆਓ! ਅਸੀਂ ਸਾਰੇ ਮਿਲ ਕੇ ਕੈਨੇਡਾ ਨੂੰ ਹੋਰ ਮਜ਼ਬੂਤ, ਸੰਮਿਲਤ ਤੇ ਖ਼ੁਸ਼ਹਾਲ ਬਣਾਈਏ।“